ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ‘ਤੇ 5 ਦਸੰਬਰ ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰ੍ਹਾਂ ਦਾ ਹੋਵੇਗਾ ਉਦਘਾਟਨ-ਚੱਢਾ
ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਿੱਖੀ ਦੇ ਵਿਰਸੇ ਅਤੇ ਸਿਧਾਂਤਾਂ ਨੂੰ ਸੰਭਾਲਣ ਅਤੇ ਕੌਮ ਦੀ ਨਵੀਂ ਪਨੀਰੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮਾਗਮ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਸਨ। ਜਦਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਆਨਰੇਰੀ ਸਕੱਤਰ ਸ. ਨਰਿੰਦਰ ਸਿੰਘ ਖ਼ੁਰਾਨਾ, ਸਕੂਲ ਦੇ ਮੈਂਬਰ ਇੰਚਾਰਜ਼ ਸ. ਸੰਤੋਖ ਸਿੰਘ ਸੇਠੀ, ਸ. ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਜੀ ਸਾਹਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਦੀਵਾਨ ਦੇ ਵੱਖ-ਵੱਖ ਸਕੂਲਾਂ ਦੇ ਮੈਂਬਰ ਇੰਚਾਰਜ਼ ਸਾਹਿਬਾਨ ਅਤੇ ਪਿ੍ਰੰਸੀਪਲ ਵੀ ਸਮਾਗਮ ਵਿੱਚ ਸ਼ਾਮਲ ਹੋਏ।ਸਕੂਲ ਦੇ ਵਿਹੜੇ ਵਿੱਚ ਗੁਰਪੁਰਬ ਨੂੰ ਸਮਰਪਿਤ ਬਹੁਤ ਸੁੰਦਰ ਦੀਵਾਨ ਸਜਾਏ ਗਏ।ਸਮਾਗਮ ਦੇ ਆਰੰਭ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ।ਉਪਰੰਤ ਸਕੂਲ ਦੇ ਵਿਦਿਆਰਥੀਆਂ ਅਤੇ ਗੋਲਡਨ ਐਵੀਨਿਊ ਸਕੂਲ ਵੱਲੋਂ ਲੋੜਵੰਦ ਬੱਚਿਆਂ ਲਈ ਚਲਾਏ ਜਾ ਰਹੇ ਫ੍ਰੀ ਸਕੂਲ ਦੇ ਵਿਦਿਆਰਥੀਆਂ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਅਵਸਰ ‘ਤੇ ਹਰ ਸਾਲ ਦੀ ਤਰ੍ਹਾਂ ਸੱਤਵੀਂ ਜਮਾਤ ਦੇ ਬੱਚਿਆਂ ਦੀ ਦਸਤਾਰ ਬੰਦੀ ਦੀ ਰਸਮ ਸਤਿਕਾਰਯੋਗ ਸਿੰਘ ਸਾਹਿਬ ਗਿ. ਰਵੇਲ ਸਿੰਘ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਤੀ ਗਈ।ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ।ਪ੍ਰਧਾਨ ਸz. ਚੱਢਾ ਨੇ ਸਾਲ 2013-14 ਦੌਰਾਨ ਵਿੱਦਿਅਕ ਖੇਤਰ ਵਿੱਚ ਅਵੱਲ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ।ਬੱਚਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਕਵੀਸ਼ਰੀ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਪ੍ਰਧਾਨ ਸ. ਚੱਢਾ ਨੇ ਦਸਤਾਰਬੰਦੀ ਵਾਲੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਚਾਨਣਾ ਪਾਇਆ ।
5 ਦਸੰਬਰ 2014 ਨੂੰ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ‘ਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਿਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰ੍ਹਾਂ ਦਾ ਉਦਘਾਟਨ ਕਰਨ ਦੀ ਘੌਸ਼ਨਾ ਕੀਤੀ। ਇਸ ਸਰ੍ਹਾਂ ਵਿਚ ਮਰੀਜ਼ਾਂ ਦੇ ਨਾਲ ਆਏ ਹੋਏ ਸਕੇ-ਸੰਬੰਧੀਆਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਦੀ ਜ਼ਿੰਮੇਵਾਰੀ ਚੀਫ਼ ਖ਼ਾਲਸਾ ਦੀਵਾਨ ਦੀ ਹੋਵੇਗੀ। ਸ. ਸੰਤੋਖ ਸਿੰਘ ਸੇਠੀ ਜੀ ਨੇ ਦਸਤਾਰਬੰਦੀ ਵਾਲੇ ਬੱਚਿਆਂ ਤੇ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਚੇਤਨਾ ਦਾ ਮੁੱਢ ਬੰਨ੍ਹਦੇ ਹੋਏ ਚਾਰ ਉਦਾਸੀਆਂ ਕੀਤੀਆਂ ਅਤੇ ਧਾਰਮਿਕ ਭੇਦ-ਭਾਵ, ਜਾਤ-ਪਾਤ, ਵਹਿਮ-ਭਰਮ ਦਾ ਖੰਡਨ ਕਰਦੇ ਹੋਏ ਸਭ ਦੇ ਇੱਕ ਮਾਲਿਕ ਪਰਮਾਤਮਾ ਨੂੰ ਸਿਮਰਨ ਲਈ ਪ੍ਰੇਰਿਤ ਕੀਤਾ।ਸ. ਐਡਵੋਕੇਟ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਨੇ ਦਸਤਾਰ ਦੀ ਸਲਾਮਤੀ ਲਈ ਕੁਰਬਾਨੀਆਂ ਦਿੱਤੀਆਂ। ਸੋ ਅੱਜ ਸਾਡਾ ਫ਼ਰਜ਼ ਹੈ ਕਿ ਅਸੀ, ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਸਿੱਖ ਦਸਤਾਰ ਨੂੰ ਤਾਜ ਸਮਝ ਕੇ ਸੰਭਾਲੀਏ ਅਤੇ ਸਮਾਜ ਵਿੱਚ ਫੈਲੀਆਂ ਨਸ਼ਾ ਅਤੇ ਭਰੂਣ ਹੱਤਿਆ ਜਿਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰੀਏ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।
ਇਸ ਮੌਕੇ ‘ਤੇ ਸ. ਸਤਿੰਦਰਬੀਰ ਸਿੰਘ (ਡੀ.ਈ.ਓ), ਸ. ਸਰਬਜੀਤ ਸਿੰਘ, ਸ. ਸੁਰਿੰਦਰਪਾਲ ਸਿੰਘ ਵਾਲੀਆ, ਸ. ਗੁਰਬਖ਼ਸ਼ ਸਿੰਘ, ਸ. ਅਜੀਤ ਸਿੰਘ ਬਸਰਾ, ਸ. ਪ੍ਰਿਤਪਾਲ ਸਿੰਘ ਸੇਠੀ, ਸ. ਭਰਪੂਰ ਸਿੰਘ, ਸ. ਸੁਖਦੇਵ ਸਿੰਘ, ਸ. ਤਰਸੇਮ ਸਿੰਘ, ਸ. ਅਜੀਤ ਸਿੰਘ ਭਾਟੀਆ ਕੌਂਸਲਰ, ਸ. ਹਰਮਿੰਦਰ ਸਿੰਘ, ਸ੍ਰੀਮਤੀ ਸਤਿੰਦਰ ਕੌਰ ਜੀ ਮਰਵਾਹਾ, ਸ੍ਰੀਮਤੀ ਰਿਪੂਦਮਨ ਕੌਰ, ਸ੍ਰੀਮਤੀ ਨਵਨੀਤ ਕੌਰ, ਸ੍ਰੀਮਤੀ ਰਵਿੰਦਰ ਕੌਰ ਬਮਰਾ, ਸ੍ਰੀਮਤੀ ਮਨਜੀਤ ਕੌਰ, ਸ. ਸਤਵਿੰਦਰ ਸਿੰਘ ਜੀ ਆਏ ਹੋਏ ਹੋਰ ਪਤਵੰਤਿਆਂ ਅਤੇ ਕੜਾਹ-ਪ੍ਰਸ਼ਾਦ ਦੀ ਸੇਵਾ ਕਰਾਉਣ ਵਾਲੇ ਆਟੋ ਯੂਨੀਅਨ ਦੇ ਮੈਂਬਰਾਂ ਅਤੇ ਜੋੜਾ-ਘਰ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।