ਅੰਮ੍ਰਿਤਸਰ ਜਿਲ੍ਹੇ ਦੀਆਂ ਸਰਕਾਰੀ ਇਮਾਰਤਾਂ ਨੂੰ ਮੁੜ ਕੀਤਾ ਸੁਰਜੀਤ
ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਲਗਭਗ ਪੌਣੇ ਦੋ ਸਾਲ ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਰਹੇ ਗੁਰਪ੍ਰੀਤ ਸਿੰਘ ਖਹਿਰਾ ਦਾ ਅੱਜ ਤਬਾਦਲਾ ਹੋਣ
ਮਗਰੋਂ ਨਵੇਂ ਡਿਪਟੀ ਕਮਿਸ਼ਨਰ ਨੂੰ ਆਪਣੀ ਹਾਜ਼ਰੀ ਵਿੱਚ ਕੁਰਸੀ ‘ਤੇ ਬਿਠਾ ਕੇ ਮੁਕਤਸਰ ਲਈ ਰਵਾਨਾ ਹੋ ਗਏ॥ਪਰ ਉਹ ਆਪਣੀਆਂ ਵੱਡੀ ਯਾਦਾਂ ਅੰਮ੍ਰਿਤਸਰ ‘ਚ ਛੱਡ ਗਏ ਹਨ।ਸਾਰੇ ਸਟਾਫ ਨੇ ਬੜੇ ਭਾਵੁਕ ਹੋ ਕੇ ਅੱਜ ਉਨਾਂ ਨੂੰ ਗੁਰੁ ਨਗਰੀ ਤੋਂ ਵਿਦਾ ਕੀਤਾ।ਖਹਿਰਾ ਆਪਣੇ ਕੰਮ-ਕਾਰ ਦੇ ਢੰਗ-ਤਰੀਕੇ ਸਦਕਾ ਸਾਰੇ ਅਮਲੇ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਗਏ।ਕਿਸੇ ਵੀ ਕੰਮ ਦੀ ਤਹਿ ਤੱਕ ਜਾਣਾ ਉਨਾਂ ਦੀ ਕਾਰਜਸ਼ੈਲੀ ਦਾ ਹਿੱਸਾ ਰਿਹਾ।ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਦੇਰ ਰਾਤ 1-2 ਵਜੇ ਤੱਕ ਬਤੌਰ ਜਿਲ੍ਹਾ ਚੋਣ ਅਧਿਕਾਰੀ ਕੰਮ ਕਰਨਾ ਉਨਾਂ ਦਾ ਨੇਮ ਸੀ।ਭਾਵੇਂ ਕਈ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਕਰਵਾ ਰਹੇ ਸਨ, ਪਰ ਖਹਿਰਾ ਨੇ ਇੰਨੀ ਬਾਰੀਕੀ ਨਾਲ ਉਨਾਂ ਨੂੰ ਕੰਮ ਦੀ ਸਿੱਖਿਆ ਦੇਣੀ ਕਿ ਉਹ ਹਰ ਕੰਮ ਬਿਨਾਂ ਕਿਸੇ ਗਲਤੀ ਦੇ ਕਰਨ ਵਿਚ ਕਾਮਯਾਬ ਹੋ ਜਾਂਦੇ।ਇਹ ਵੱਡਾ ਕਾਰਨ ਹੈ ਕਿ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਬੜੇ ਸ਼ਾਂਤ ਅਤੇ ਨਿਰਵਵਾਦ ਹੋਈਆਂ ਅਤੇ ਕਿਸੇ ਵੀ ਅਧਿਕਾਰੀ ਨੇ ਇਸ ਕੰਮ ਨੂੰ ਬੋਝ ਨਹੀਂ ਸਮਝਿਆ।
ਖਹਿਰਾ ਨੇ ਜਦੋਂ ਜੁਲਾਈ 2020 ਵਿੱਚ ਬਤੌਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਹੁੱਦਾ ਸੰਭਾਲਿਆ ਤਾਂ ਸਰਕਾਰੀ ਇਮਾਰਤਾਂ, ਜਿੰਨਾ ਵਿੱਚ ਲੋਕ ਨਿਰਮਾਣ ਭਵਨ, ਸਰਕਟ ਹਾਊਸ, ਬਚਤ ਭਵਨ ਆਦਿ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ, ਕਿਸੇ ਵੀ ਮਹਿਮਾਨ ਦੇ ਆਉਣ ਜਾਂ ਮੀਟਿੰਗ ਵੇਲੇ ਵੱਡੀ ਸਮੱਸਿਆ ਖੜੀ ਹੁੰਦੀ ਸੀ।ਜਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਦੀ ਉਸਾਰੀ ਦਾ ਕੰਮ ਵੀ ਉਸ ਵੇਲੇੇ ਮੱਠੀ ਚਾਲ ਨਾਲ ਚੱਲ ਰਿਹਾ ਸੀ।ਖਹਿਰਾ ਨੇ ਜਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਲਈ ਫੰਡ ਪ੍ਰਵਾਨ ਕਰਵਾ ਕੇ ਇਸ ਨੂੰ ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ ਪੂਰਾ ਕਰਵਾਇਆ ਇਸ ਕੰਪੈਲਕਸ ਵਿੱਚ ਦੋ ਵੱਡੇ ਮੀਟਿੰਗ ਹਾਲ ਅਤੇ ਵੀਡੀਓ ਕਾਨਫਰੰਸ ਲਈ ਵਧੀਆ ਹਾਲਾਂ ਦੀ ਉਸਾਰੀ ਬਹੁਤ ਹੀ ਆਧੁਨਿਕ ਸਾਜ਼ੋ ਸਮਾਨ ਨਾਲ ਪੂਰੇ ਕੀਤੇ। ਇਸ ਤੋਂ ਇਲਾਵਾ ਬਚਤ ਭਵਨ, ਜੋ ਕਿ ਆਖਰੀ ਸਾਹ ਲੈ ਰਿਹਾ ਸੀ, ਉਸ ਨੂੰ ਮੁਰੰਮਤ ਕਰਵਾ ਕੇ ਪੁਨਰ ਸੁਰਜੀਤ ਕੀਤਾ।ਲੋਕ ਨਿਰਮਾਣ ਭਵਨ ਜਿਸ ਦੇ ਕਮਰੇ ਰਹਿਣਯੋਗ ਨਹੀਂ ਸਨ ਰਹੇ, ਨੂੰ ਵੀ ਮਹਿਮਾਨਾਂ ਦੇ ਰਹਿਣ ਦੇ ਯੋਗ ਬਣਾਇਆ। ਇਸ ਤੋਂ ਇਲਾਵਾ ਰਈਆ ਦਾ ਨਹਿਰੀ ਵਿਸ਼ਰਾਮ ਘਰ ਜੋ ਕਿ ਡਿੱਗਣ ਕਿਨਾਰੇ ਪਹੁੰਚ ਚੁੱਕਾ ਸੀ, ਉਸ ਇਮਾਰਤ ਦੀ ਮੁਰੰਮਤ ਕਰਵਾ ਕੇ ਉਸ ਨੂੰ ਚੰਗੀ ਠਹਿਰ ਬਣਾਇਆ।
Punjab Post Daily Online Newspaper & Print Media