Monday, July 6, 2026

ਅੰਮ੍ਰਿਤਸਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਹਰਪ੍ਰੀਤ ਸਿੰਘ ਸੂਦਨ ਨੇ ਸੰਭਾਲਿਆ ਅਹੁੱਦਾ

ਪਾਰਦਰਸ਼ੀ ਅਤੇ ਸੁਚੱਜਾ ਪ੍ਰਸਾਸ਼ਨ ਦੇਣਾ ਹੋਵੇਗੀ ਪਹਿਲੀ ਤਰਜ਼ੀਹ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – 2013 ਬੈਚ ਦੇ ਆਈ.ਏ.ਐਸ ਅਧਿਕਾਰੀ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਅੰਮ੍ਰਿਤਸਰ ਦੇ 175ਵੇਂ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਨਿਯੁੱਕਤ ਸਨ।ਗੁਰਪ੍ਰੀਤ ਸਿੰਘ ਖਹਿਰਾ ਜਿੰਨਾ ਦਾ ਤਬਾਦਲਾ ਅੰਮ੍ਰਿ੍ਰਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਹੈ, ਉਨਾਂ ਨੇ ਸੂਦਨ ਨੂੰ ਫੁੱਲਾਂ ਦੇ ਗੁਲਦਸਤਾ ਦੇ ਕੇ ‘ਜੀ ਆਇਆਂ’ ਕਿਹਾ ਅਤੇ ਆਪਣੀ ਹਾਜ਼ਰੀ ਵਿੱਚ ਅਹੁੱਦੇ ;ਤੇ ਬਿਠਾਇਆ।ਇਸ ਤੋਂ ਪਹਿਲਾਂ ਪੁਲਿਸ ਦੇ ਜਵਾਨਾਂ ਨੇ ਸਲਾਮੀ ਦੇ ਕੇ ਉਨਾਂ ਦਾ ਅੰਮ੍ਰਿਤਸਰ ਪੁੱਜਣ ‘ਤੇ ਸਵਾਗ ਕੀਤਾ।ਸੂਦਨ ਨੇ ਇਸ ਸਮੇਂ ਕੀਤੀ ਸੰਖੇਪ ਮੀਟਿੰਗ ਵਿੱਚ ਕਿਹਾ ਕਿ ਸਾਫ-ਸੁਥਰਾ ਤੇ ਸੁਚੱਜਾ ਪ੍ਰਸਾਸ਼ਨ ਦੇਣਾ ਉਂਾਂ ਦੀ ਪਹਿਲੀ ਤਰਜ਼ੀਹ ਹੋਵੇਗਾ।ਉਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਖਹਿਰਾ ਵੱਲੋਂ ਜਿਲ੍ਹੇ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਅੰਮ੍ਰਿਤਸਰ ਦੀ ਅਗਵਾਈ ਕਰ ਸਕਣ।ਉਨਾਂ ਕਿਹਾ ਕਿ ਭਾਵੇਂ ਬਤੌਰ ਡਿਪਟੀ ਕਮਿਸ਼ਨਰ ਬਹੁਤ ਸਾਰੇ ਰੁਝੇਂਵੇ ਹੁੰਦੇ ਹਨ, ਪਰ ਮੇਰੀ ਕੋਸ਼ਿਸ਼ ਹੋਵੇਗੀ ਕਿ ਰੋਜ਼ਾਨਾ ਲੋਕਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾ ਸਕੇ।
                   ਸੂਦਨ ਦੇ ਨਾਲ ਉਨਾਂ ਦੇ ਮਾਤਾ ਸ਼੍ਰੀਮਤੀ ਗੁਰਮੀਤ ਕੌਰ, ਪਿਤਾ ਐਡਵੋਕੇਟ ਜਸਪਾਲ ਸਿੰਘ ਮਾਨੀਪੁਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।ਗੁਰਪ੍ਰੀਤ ਸਿੰਘ ਖਹਿਰਾ ਨੇ ਸੂਦਨ ਨੂੰ ਨਵੀਂ ਜਿੰਮੇਵਾਰੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਐਸ,ਡੀ,ਐਮ ਰਾਜੇਸ਼ ਸ਼ਰਮਾ, ਜਿਲ੍ਹਾ ਮਾਲ ਅਧਿਕਾਰੀ ਅਰਵਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ, ਤਹਿਸੀਦਾਰ ਪਰਮਪ੍ਰੀਤ ਸਿੰਘ ਗੁਰਾਇਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਸੰਨ 1849 ਵਿੱਚ ਜਦੋਂ ਅੰਗਰੇਜ਼ਾਂ ਵੱਲੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ ਗਿਆ ਸੀ, ਤਾਂ 20 ਅਪ੍ਰੈਲ 1849 ਵਿਚ ਪਹਿਲੀ ਵਾਰ ਅੰਮ੍ਰਿਤਸਰ ਵਿਚ ਡਿਪਟੀ ਕਮਿਸ਼ਨਰ ਦੀ ਨਿਯੁੱਕਤੀ ਕੀਤੀ ਗਈ ਸੀ।
                ਇਸ ਮਗਰੋਂ ਸੂਦਨ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲਿਆ। ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਸੂਦਨ ਤੇ ਉਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …