ਸੰਗਰੂਰ, 7 ਅਪ੍ਰੈਲ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਮਹਿਸੂਸ ਕਰਦਿਆਂ ਪੰਥਕ
ਰਵਾਇਤ ਅਤੇ ਸਾਡੀਆਂ ਬਣਦੀਆਂ ਜਿੰਮੇਵਾਰੀਆਂ ਸਬੰਧੀ `ਸਿੱਖ ਜਥਾ ਮਾਲਵਾ` ਵਲੋਂ ਇੱਕ ਸੰਖੇਪ ਖਰੜਾ ਜਾਰੀ ਕੀਤਾ ਗਿਆ ਹੈ।ਇਹ ਖਰੜਾ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ 3 ਅਪ੍ਰੈਲ ਦੀ ਸ਼ਾਮ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਤੋਂ ਬਾਅਦ ਗੁਰੂ ਦਾ ਓਟ ਆਸਰਾ ਲੈ ਕੇ ਜਾਰੀ ਕੀਤਾ ਗਿਆ।ਸਿੱਖ ਜਥਾ ਮਾਲਵਾ` ਵਲੋਂ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਇਹ ਖਰੜਾ ਸੰਗਤਾਂ ਦੇ ਸੁਝਾਵਾਂ ਅਤੇ ਉਹਨਾਂ ਨਾਲ ਵਿਚਾਰਾਂ ਕਰਨ ਲਈ ਜਾਰੀ ਕੀਤਾ ਗਿਆ ਹੈ।ਇਹ ਅੰਤਿਮ ਨਹੀਂ ਹੈ, ਸਗੋਂ ਸਾਰਥਕ ਸੁਝਾਵਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।ਖਰੜੇ ਨੂੰ ਇਲਾਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥ ਸੇਵਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਖਰੜੇ ਵਿੱਚ ਬਹੁਤ ਹੀ ਸਰਲ ਅਤੇ ਸੰਖੇਪ ਰੂਪ ਵਿੱਚ ਪਿੰਡਾਂ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡ ਵਾਸੀਆਂ, ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਦੀਆਂ ਜਿੰਮੇਵਾਰੀਆਂ ਅਤੇ ਪੰਥਕ ਰਵਾਇਤ ਅਨੁਸਾਰ ਫੈਸਲੇ ਕਰਨ ਦੀ ਜੁਗਤ ਦਾ ਜ਼ਿਕਰ ਕੀਤਾ ਗਿਆ ਹੈ।ਦਰਬਾਰ-ਏ-ਖਾਲਸਾ ਜਥੇਬੰਦੀ ਵਲੋਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੋਲਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ।ਜਿਸ ਨੂੰ ਆਪੋ ਆਪਣੇ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਗੁਰੂ ਪਾਤਿਸ਼ਾਹ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਕਮੇਟੀਆਂ ਦੇ ਨਾਲ ਨਾਲ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਵੀ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਾਲਸਾ ਖੁਦ ਇਨਸਾਫ ਕਰਨ ਦੇ ਸਮਰੱਥ ਹੈ ਅਤੇ ਸਾਨੂੰ ਆਪਣੀ ਰਵਾਇਤ ਤੋਂ ਸੇਧ ਲੈਂਦਿਆਂ ਆਪਣੇ ਅਮਲ ਕਰਨੇ ਚਾਹੀਦੇ ਹਨ।
ਇਸ ਮੌਕੇ ਭਾਈ ਗੁਰਜੀਤ ਸਿੰਘ, ਭਾਈ ਸਤਪਾਲ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਸੰਗਰੂਰ, ਭਾਈ ਗੁਰਮੀਤ ਸਿੰਘ, ਭਾਈ ਪਰਵਿੰਦਰ ਸਿੰਘ ਖਾਲਸਾ, ਭਾਈ ਅਮਨਪ੍ਰੀਤ ਸਿੰਘ, ਭਾਈ ਅਜੀਤਪਾਲ ਸਿੰਘ ਤੇ ਹੋਰ ਸਿੱਖ ਸੰਗਤ ਵੀ ਹਾਜ਼ਰ ਸੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media