ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਛੇਤੀ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ

ਨਵੀਂ ਦਿੱਲੀ, 27 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਅੰਨਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੇ ਦੇਸ਼ ਦੀ ਜੇਲਾਂ ‘ਚ ਬੰਦ ਕੈਦੀਆਂ ਦੀ, ਜੋ ਅਦਾਲਤਾਂ ਵੱਲੋਂ ਸੁਣਾਈਆਂ ਗਈਆਂ ਸਜਾਵਾਂ ਨੂੰ ਭੁਗਤ ਚੁੱਕੇ ਹਨ ਦੀ ਰਿਹਾਈ ਯਕੀਨੀ ਬਨਾਉਣ ਦੀ ਮੰਗ ਕਰਦੇ ਹੋਏ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ।
ਅੱਜ ਲੋਕ ਸਭਾ ‘ਚ ਇਹ ਮਸਲਾ ਨਾਲ ਚੁੱਕਦੇ ਹੋਏ ਚੰਦੁਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ‘ਚ ਹਰਿਆਣਾ ਵਿਖੇ ਬੀਤੇ 13 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਨਾਜ਼ੁਕ ਹਾਲਾਤ ਦਾ ਜ਼ਿਕਰ ਕਰਨ ਦੇ ਨਾਲ ਹੀ ਉਨ੍ਹਾਂ ਦੀ ਭੁੱਖ ਹੜਤਾਲ ਕਰਕੇ ਕਿਸੇ ਅਣ-ਸੁਖਾਵੀ ਘਟਨਾ ਦੇ ਵਾਪਰਨ ਦਾ ਵੀ ਖਦਸ਼ਾ ਜਤਾਇਆ। ਚੰਦੂਮਾਜਰਾ ਨੇ ਕੇਂਦਰ ‘ਚ ਹੋਏ ਸੱਤਾ ਬਦਲਾਅ ਦੇ ਕਾਰਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੁਰਾ ਕਰਨ ਲਈ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਮੁਕਦਮੇ ਚਲਾਉਣ ਤੇ ਉਨ੍ਹਾਂ ਨੂੰ ਸਜਾਵਾਂ ਦਿਵਾਉਣ ਦੀ ਵੀ ਮੰਗ ਕੀਤੀ ਤਾਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਿੱਖ ਕਤਲੇਆਮ ਨੂੰ ਲੋਕਤੰਤਰ ਦੀ ਛਾਤੀ ‘ਚ ਖੰਜਰ ਖੋਭਣ ਦੇ ਦਿੱਤੇ ਗਏ ਬਿਆਨ ਤੇ ਸਰਕਾਰ ਦੀ ਕਾਰਜ ਪ੍ਰਣਾਲੀ ਦਾ ਮਿਲਾਣ ਹੋ ਸਕੇ।
ਪਿਛਲੀ ਕਾਂਗਰਸ ਸਕਕਾਰਾਂ ਵੱਲੋਂ ਆਪਣੇ ਸਾਬਕਾ ਆਗੂ ਦੇ ਬਿਆਨ ਜਦੋਂ ਕੋਈ ,ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ’ ਤੇ ਅਮਲ ਕਰਦੇ ਹੋਏ ਕਾਤਿਲਾਂ ਨੂੰ ਵਜੀਰੀਆਂ ਬਖਸ਼ ਕੇ ਸਿੱਖ ਕੌਮ ਦੇ ਜ਼ਖਮਾਂ ਤੇ ਲੁਣ ਛਿੜਕਣ ਦਾ ਵੀ ਚੰਦੂਮਾਜਰਾ ਨੇ ਦੋਸ਼ ਲਗਾਇਆ।ਸਦਨ ‘ਚ ਬੋਲਣ ਤੋਂ ਬਾਅਦ ਚੰਦੂਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚੈਂਬਰ ‘ਚ 1984 ਦੇ ਪੀੜਤ ਪਰਿਵਾਰਾਂ ਦੇ ਮੁਆਵਜੇ ਦੀ ਰਾਸ਼ੀ ‘ਚ ਕੀਤੇ ਵਾਧੇ ਤੇ ਛੇਤੀ ਨੋਟੀਫਿਕੇਸ਼ਨ ਜਾਰੀ ਕਰਨ ਤੇ ਭਾਈ ਬਖਸ਼ੀਸ਼ ਸਿੰਘ ਖਾਲਸਾ ਦੇ ਮਸਲੇ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਜਿਸ ਤੇ ਰਾਜਨਾਥ ਸਿੰਘ ਵੱਲੋਂ ਛੇਤੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
Punjab Post Daily Online Newspaper & Print Media