
ਨਵੀਂ ਦਿੱਲੀ, 27 ਨਵੰਬਰ (ਅੰਮ੍ਰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ ਦੇ ਕਾਰਜਾਂ ਨੂੰ ਸ਼ੁਰੂ ਕਰਨ ਤੇ ਜਲੰਧਰ ਦੀਆਂ ਸੰਗਤਾਂ ਪਾਸੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਸਨਮਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਖਾਲਸਾ ਦੀ ਅਗੁਵਾਈ ਹੇਠ ਆਏ ਵਫਦ ਨੇ ਬੀਤੇ 30 ਸਾਲਾਂ ਤੋਂ ਦਿੱਲੀ ਦੀਆਂ ਸੜਕਾਂ ਤੇ ਕਤਲੇਆਮ ਪੀੜਤਾਂ ਦੇ ਲਈ ਅਵਾਜ਼ ਬੁਲੰਦ ਕਰਨ ਤੇ ਸਮੂਹ ਅਕਾਲੀ ਕਾਰਕੂੰਨਾ ਦਾ ਸਾਧੂਵਾਦ ਜਤਾਉਂਦੇ ਹੋਏ ਯਾਦਗਾਰ ਦੀ ਉਸਾਰੀ ਨੂੰ ਛੇਤੀ ਮੁਕਮੱਲ ਕਰਨ ਦੀ ਵੀ ਬੇਨਤੀ ਕੀਤੀ।
ਖਾਲਸਾ ਨੇ ਜੀ.ਕੇ. ਨੂੰ ਸਿਰੋਪਾ ਅਤੇ ਸ੍ਰੀ ਸਾਹਿਬ ਭੇਂਟ ਕਰਦੇ ਹੋਏ ਸਮੂਹ ਕਮੇਟੀ ਅਹੁਦੇਦਾਰਾਂ ਵੱਲੋਂ ਵਿਪਰਿਤ ਹਾਲਾਤਾਂ ਦੇ ਬਾਵਜੂਦ ਯਾਦਗਾਰ ਦੀ ਉਸਾਰੀ ਨੂੰ ਅੱਗੇ ਰੱਖਣ ਲਈ ਧੰਨਵਾਦ ਵੀ ਜਤਾਇਆ। ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ 3 ਯਾਦਗਾਰਾਂ ਦਿੱਲੀ ਸ਼ਹਿਰ ‘ਚ ਹੋਣ ਦਾ ਹਵਾਲਾ ਦਿੰਦੇ ਹੋਏ ਖਾਲਸਾ ਨੇ ਇਸ ਯਾਦਗਾਰ ਨੂੰ ਸਿੱਖ ਕੌਮ ਲਈ ਅਤਿ ਲੋੜਿੰਦਾ ਦੱਸਿਆ ਤਾਂਕਿ ਆਉਣ ਵਾਲੀ ਪੀੜੀ ਨੂੰ ਕੌਮ ਦੇ ਇਸ 4 ਘਲੁਘਾਰੇ ਦੀ ਯਾਦ ਸਦੀਵੀ ਕਾਲ ਲਈ ਦਿਲਾਂ ‘ਚ ਸੁਰਜੀਤ ਰਹੇਂ ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਮੈਂਬਰ ਕਲਮੋਹਨ ਸਿੰਘ, ਯੂਥ ਅਕਾਲੀ ਦਲ ਦੇ ਕੌਮੀ ਪ੍ਰਚਾਰ ਸਕੱਤਰ ਗਗਨਦੀਪ ਸਿੰਘ ਨਾਗੀ, ਐਡਵੋਕੇਟ ਸੰਦੀਪ ਕੰਵਲ ਸਿੰਘ, ਜਨਰਲ ਸਕੱਤਰ ਅਕਾਲੀ ਦਲ ਜਲੰਧਰ ਦੇਹਾਤੀ ਅਤੇ ਹਰਪਾਲ ਸਿੰਘ ਦੇਵਸੀ ਮੌਜੂਦ ਸਨ।
Punjab Post Daily Online Newspaper & Print Media