ਮਾਲ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਆਪਣੇ ਨਿੱਜੀ ਮੁਫ਼ਾਦਾਂ ਲਈ ਆਮ ਲੋਕਾਂ ਦੇ ਭਵਿੱਖ ਨਾਲ ਨਾ ਕਰਨ ਖਿਲਵਾੜ – ਬਾਲਿਓਂ, ਸ਼ਰਮਾ
ਸਮਰਾਲਾ, 5 ਮਈ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਨੇ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਅਗਵਾਈ ਹੇਠ ਐਸ.ਡੀ.ਐਮ ਸਮਰਾਲਾ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮਾਲ ਵਿਭਾਗ ਵਿੱਚ ਕੰਮ ਕਰਦੇ ਪਟਵਾਰੀ ਦੀਦਾਰ ਸਿੰਘ, ਜਿਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਵਿਭਾਗ ਪੰਜਾਬ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਜਿਸ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਮਾਲ ਵਿਭਾਗ ਅਧੀਨ ਕੰਮ ਸਮੂਹ ਪਟਵਾਰੀ ਅਤੇ ਕਰਮਚਾਰੀ ਹੜਤਾਲ ਤੇ ਚਲੇ ਗਏ ਹਨ।ਇਸ ਨਾਲ ਲੱਖਾਂ ਲੋਕਾਂ ਦੇ ਕੰਮ ਰੁਕ ਗਏ ਹਨ।
ਚੇਅਰਮੈਨ ਸੁਦੇਸ਼ ਸ਼ਰਮਾ ਨੇ ਕਿਹਾ ਕਿ ਅਜਿਹੇ ਭ੍ਰਿਸ਼ਟ ਪਟਵਾਰੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਮਰਾਲਾ ਦੇ ਐਸ.ਡੀ.ਐਮ ਨੂੰ ਹੜਤਾਲ ‘ਤੇ ਗਏ ਮਾਲ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ।ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਸਖਤ ਸਟੈਂਡ ਲੈਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਇਹ ਕਰਮਚਾਰੀ ਅਤੇ ਅਧਿਕਾਰੀ ਵਾਪਸ ਆਪਣੀਆਂ ਡਿਊਟੀਆਂ ‘ਤੇ ਨਾ ਆਏ ਤਾਂ ਸਮਰਾਲੇ ਦੀਆਂ ਸਮਾਜਸੇਵੀ ਜਥੇਬੰਦੀਆਂ ਰਲ ਕੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਮੋਰਚਾ ਖੋਲ ਦੇਣਗੀਆਂ ।
ਮੰਗ ਪੱਤਰ ਦੇਣ ਮੌਕੇ ਇੰਜ: ਜੁਗਲ ਕਿਸ਼ੋਰ ਸਾਹਨੀ, ਭਜਨ ਸਿੰਘ, ਕੁਲਵਿੰਦਰ ਸਿੰਘ, ਮੇਲਾ ਸਿੰਘ, ਕਰਨੈਲ ਸਿੰਘ, ਪਰਮਜੀਤ ਸਿੰਘ ਮਾਛੀਵਾੜਾ, ਜਸਵੰਤ ਸਿੰਘ, ਅੰਮ੍ਰਿਤ, ਪ੍ਰੇਮ ਨਾਥ, ਸੋਹਣ ਸਿੰਘ, ਸੰਤੋਖ ਸਿੰਘ ਨਾਗਰਾ ਆਦਿ ਤੋਂ ਇਲਾਵਾ ਦਰਜਨਾਂ ਦੀ ਗਿਣਤੀ ‘ਚ ਮੈਂਬਰ ਹਾਜਰ ਸਨ।