ਐਂਬੂਲੈਂਸ ਪ੍ਰਾਪਤ ਕਰਨ ਵਾਲਾ ਸੰਗਰੂਰ ਸੂਬੇ ਦਾ ਪਹਿਲਾ ਜਿਲਾ ਬਣਿਆ
ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਅੱਜ ਵਿਸ਼ਵ ਰੈਡ ਕਰਾਸ ਦਿਵਸ ’ਤੇ ਵੈਂਟੀਲੇਟਰ ਦੀ ਸੁਵਿਧਾ ਵਾਲੀ ਅਤਿ
ਆਧੁਨਿਕ ਏਅਰ ਕੰਡੀਸ਼ਨਡ ਐਡਵਾਂਸ ਲਾਈਫ਼ ਕੇਅਰ ਐਂਬੂਲੈਂਸ ਦੀ ਚਾਬੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੀ।ਉਨਾਂ ਦੱਸਿਆ ਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਪੰਜਾਬ ਵਿੱਚ ਇਹ ਪਹਿਲੀ ਐਂਬੂਲੈਂਸ ਜ਼ਿਲਾ ਸੰਗਰੂਰ ਵਿਖੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਭੇਜੀ ਗਈ ਹੈ ।
ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ ’ਤੇ ਆਯੋਜਿਤ ਮੈਗਾ ਖੂਨਦਾਨ ਕੈਂਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਹੋਰਨਾਂ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਕਰੀਬ 28 ਲੱਖ ਰੁਪਏ ਦੀ ਲਾਗਤ ਵਾਲੀ ਇਸ ਨਵੀਂ ਐਂਬੂਲੈਂਸ ਦੀ ਚਾਬੀ ਸਿਹਤ ਵਿਭਾਗ ਅਧਿਕਾਰੀਆਂ ਨੂੰ ਸੌਂਪੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਂਟੀਲੇਟਰ ਦੀ ਸੁਵਿਧਾ ਵਾਲੀ ਇਸ ਅਤਿ ਆਧੁਨਿਕ ਏਅਰ ਕੰਡੀਸ਼ਨਡ ਐਂਬੂਲੈਂਸ ਨੂੰ ਪ੍ਰਾਪਤ ਕਰਨ ਵਾਲਾ ਸੰਗਰੂਰ ਰਾਜ ਦਾ ਪਹਿਲਾ ਜ਼ਿਲਾ ਹੈ।ਉਨਾਂ ਕਿਹਾ ਕਿ ਇਥੋਂ ਵੱਡੇ ਹਸਪਤਾਲਾਂ ਵਿਖੇ ਰੈਫਰ ਹੋਣ ਵਾਲੇ ਮਰੀਜ਼ਾਂ ਲਈ ਇਹ ਐਂਬੂਲੈਂਸ ਜੀਵਨ ਰੱਖਿਅਕ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਹੀ ਵੈਂਟੀਲੇਟਰ ਦਾ ਪ੍ਰਬੰਧ ਹੈ।
ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਲਈ 300 ਹਾਈਜੈਨਿਕ ਕਿੱਟਾਂ ਵੀ ਐਸ.ਐਮ.ਓ ਨੂੰ ਸੌਂਪੀਆਂ। ਉਨਾਂ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਅਧਿਕਾਰੀਆਂ ਨੂੰ ਵੈਂਟੀਲੇਟਰ, 15 ਵੀਲ ਚੇਅਰ ਤੇ 300 ਹਾਈਜੈਨਿਕ ਕਿੱਟਾਂ ਵੀ ਮੁਹੱਈਆ ਕਰਵਾਈਆਂ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਡਾ. ਡਿੰਪਲ ਕਾਲੜਾ, ਸਕੱਤਰ ਰੈਡ ਕਰਾਸ ਕੇ.ਕੇ ਮਿੱਤਲ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media