ਬੈਂਕਾ ਵੱਲੋ ਸਿੱਖਿਆ, ਖੇਤਬਾੜੀ ਅਤੇ ਸਵੈ ਰੋਜਗਾਰ ਲਈ ਤਰਜੀਹੀ ਅਧਾਰ ਤੇ ਕਰਜ਼ੇ ਦਿੱਤੇ ਜਾਣ – ਬਰਾੜ

ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਅੱਜ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ)ਦੀ ਫਾਜ਼ਿਲਕਾ ਜਿਲ੍ਹੇ ਲਈ ਸਾਲ 2015-16 ਦੀ ਕਰਜ ਯੋਜਨਾ ਜਾਰੀ ਕੀਤੀ । ਇਸ ਮੌਕੇ ਨਬਾਰਡ ਦੇ ਜਿਲ੍ਹਾ ਵਿਕਾਸ ਪ੍ਰਬੰਧਕ ਸ਼੍ਰੀ ਰਜੇਸ਼ ਕੁਮਾਰ, ਲੀਡ ਬੈਂਕ ਮੈਨੇਜਰ ਸ਼੍ਰੀ ਬੀ.ਐਲ ਵਸ਼ਿਸ਼ਟ ਅਤੇ ਰਿਜਰਵ ਬੈਂਕ ਦੇ ਅਧਿਕਾਰੀ ਸ. ਚਰਨ ਸਿੰਘ ਵੀ ਹਾਜਰ ਸਨ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਦੁਆਰਾ ਬਨਾਏ ਗਏ ਕਰੈਡਿਟ ਪਲਾਨ ਦੇ ਅਧਾਰ ਤੇ ਹੀ ਬੈਂਕਾ ਵੱਲੋਂ ਜਿਲ੍ਹਾ ਕਰਜ਼ਾ ਯੋਜਨਾ ਬਣਾ ਕੇ ਵੱਖ ਵੱਖ ਖੇਤਰਾਂ ਲਈ ਕਰਜ਼ਿਆਂ ਦੇ ਟੀਚੇ ਮਿੱਥੇ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਨਬਾਰਡ ਵੱਲੋਂ ਸਾਲ 2015-16 ਲਈ 4803 ਕਰੋੜ ਰੁਪਏ ਦੀ ਸੰਭਾਵਿਤ ਯੋਜਨਾ ਉਲੀਕੀ ਗਈ ਹੈ ਜਿਸ ਵਿਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ 3812 ਕਰੋੜ, ਛੋਟੇ ਉਦਯੋਗਾਂ ਲਈ 617 ਕਰੋੜ ਅਤੇ ਸਿੱਖਿਆ ਅਤੇ ਹਾਊਸਿੰਗ ਲੋਨ ਆਦਿ ਲਈ 373 ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਹੈ । ਨਬਾਰਡ ਦੇ ਜਿਲ੍ਹਾ ਵਿਕਾਸ ਪ੍ਰਬੰਧਕ ਸ਼੍ਰੀ ਰਜੇਸ਼ ਕੁਮਾਰ ਨੇ ਦੱਸਿਆ ਕਿ ਨਬਾਰਡ ਵੱਲੋਂ ਕਿਸਾਨਾਂ ਨੂੰ ਖੇਤੀ ਅਤੇ ਖੇਤੀ ਅਧਾਰਿਤ ਧੰਦਿਆਂ ਜਿਵੇਂ ਕਿ ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ, ਮਧੂ ਮੱਖੀ ਪਾਲਣ, ਸੂਰ ਪਾਲਣ ਆਦਿ ਲਈ ਕਰਜੇ ਅਤੇ ਸਬਸਿਡੀ ਦਾ ਪ੍ਰਬੰਧ ਕੀਤਾ ਜਾਂਦਾ ਹੈ ।
ਜਿਲ੍ਹੇ ਦੇ ਬੈਂਕਰਜ਼ ਨਾਲ ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਬੈਂਕਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ ਵੱਖ ਖੇਤਰਾਂ ਵਿਚ ਦਿੱਤੇ ਜਾਣ ਵਾਲੇ ਕਰਜ਼ਿਆਂ ਤੇ ਟੀਚੀਆਂ ਨੂੰ ਮਿੱਥੇ ਸਮੇਂ ਵਿਚ ਪੂਰਾ ਕੀਤਾ ਜਾਵੇ । ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਖੇਤੀਬਾੜੀ, ਸਿੱਖਿਆ ਅਤੇ ਸਵੈ ਰੋਜਗਾਰ ਦੇ ਖੇਤਰਾਂ ਵਿਚ ਤਰਜੀਹੀ ਤੋਰ ਤੇ ਕਰਜ਼ੇ ਦਿੱਤੇ ਜਾਣ ਤਾਂ ਜੋ ਆਪਣਾ ਰੋਜਗਾਰ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਡੀ.ਆਰ.ਆਈ. ਸਕੀਮ ਤਹਿਤ ਗਰੀਬ ਵਰਗ ਨੂੰ ਘੱਟ ਵਿਆਜ ਤੇ ਕਰਜਿਆਂ ਦਾ ਪ੍ਰਬੰਧ ਕੀਤਾ ਜਾਵੇ । ਇਸ ਮੌਕੇ ਉਨ੍ਹਾਂ ਬੈਂਕਾ ਨੂੰ ਹਦਾਇਤ ਕੀਤੀ ਕਿ ਸਾਰੇ ਬੈਂਕ ਖਾਤਿਆਂ ਵਾਲੇ ਲੋਕਾਂ ਦੇ ਬੈਂਕ ਖਾਤੇ ਅਧਾਰ ਕਾਰਡ ਨਾਲ ਜੋੜੇ ਜਾਣ ਤਾਂ ਜੋ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਵਿਚ ਡਾਇਰੈਕਟ ਬੈਨੇਫਿਟ ਸਕੀਮ ਤਹਿਤ ਸਬਸਿਡੀਆਂ ਅਤੇ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ । ਉਨ੍ਹਾਂ ਕਿਹਾ ਕਿ ਬਿਨਾ ਕਿਸੇ ਕਾਰਨ ਵੱਖ ਵੱਖ ਖੇਤਰਾਂ ਦੇ ਕਰਜੇ ਦੇਣ ਵਿਚ ਦੇਰੀ ਕਰਨ ਵਾਲੇ ਬੈਂਕਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਬੈਕਿੰਗ ਸੇਵਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ । ਉਨ੍ਹਾ ਇਸ ਗੱਲ ਤੇ ਖੁਸ਼ੀ ਪ੍ਰਕਟ ਕੀਤੀ ਕਿ ਵੱਖ ਵੱਖ ਬੈਂਕਾ ਵੱਲੋਂ ਪ੍ਰਧਾਨ ਮੰਤਰੀ ਜਨ-ਧਨ-ਯੋਜਨਾ ਤਹਿਤ ਫਾਜ਼ਿਲਕਾ ਜਿਲ੍ਹੇ ਵਿਚ 1 ਲੱਖ ਤੋਂ ਵੱਧ ਬੈਂਕ ਖਾਤੇ ਖੋਲ ਕੇ 100 ਪ੍ਰਤੀਸ਼ਤ ਟੀਚੇ ਨੂੰ ਪੂਰਾ ਕਰ ਲਿਆ ਗਿਆ ਹੈ । ਇਸ ਮੀਟਿੰਗ ਵਿਚ ਸ. ਜਤਿੰਦਰ ਸਿੰਘ ਬਰਾੜ ਡੀ.ਡੀ.ਪੀ.ਓ. ਅਤੇ ਵੱਖ ਵੱਖ ਬੈਂਕਾ ਦੇ ਅਧਿਕਾਰੀ ਵੀ ਹਾਜਰ ਸਨ ।
Punjab Post Daily Online Newspaper & Print Media