ਮਨੌਵਿਗਿਆਨੀਆਂ, ਕੌਂਸਲਰਾਂ ਅਤੇ ਮਾਹਿਰਾਂ ਨੂੰ ਜ਼ਿਲ੍ਹੇ ਦਾ ਐਕਸ਼ਨ ਪਲਾਨ ਤਿਆਰ ਕਰਨ ਦੇ ਨਿਰਦੇਸ਼
ਕਪੂਰਥਲ਼ਾ, 17 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲ਼ਾ ਵਿਸ਼ੇਸ਼ ਸਾਰੰਗਲ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਉਹ ਨਸ਼ਾ ਛਡਾਉ ਕੇਂਦਰਾਂ
ਰਾਹੀਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੇ ਮੁੜਵਸੇਬੇ ਲਈ ਨਤੀਜਾਮੁਖੀ ਪਹੁੰਚ ਅਪਣਾਉਣ ਤਾਂ ਜੋ ਨਸ਼ੇ ਤੋਂ ਪੀੜ੍ਹਤ ਨੌਜਵਾਨ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਸਮਾਜਿਕ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਣ।
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਤਹਿਤ ਚੱਲ ਰਹੇ ਪ੍ਰੋਗਰਾਮਾਂ ਦੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਹਦਾਇਤ ਕੀਤੀ ਕਿ ਸਿਹਤ ਵਿਭਾਗ ਦੇ ਮਨੋਵਿਗਿਆਨੀਆਂ, ਕੌਂਸਲਰਾਂ ਅਤੇ ਹੋਰ ਯਤਨਾਂ ਰਾਹੀਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ ਅਤੇ ਮੁੜ ਵਸੇਬੇ ਦੇ ਅੰਕੜੇ ਦਰਜ਼ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ 10 ਓਟ ਕਲੀਨਿਕਾਂ ਨਾਲ ਜੁੜੇ 10 ਹਜ਼ਾਰ ਦੇ ਕਰੀਬ ਵਿਅਕਤੀਆਂ ਦੀ ਕੌਂਸਲਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਜ਼ਿਲ੍ਹੇ ਵਿੱਚ ਤਾਇਨਾਤ ਮਨੌਵਿਗਿਆਨੀ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਨਸ਼ਾ ਰੋਕੂ ਯਤਨਾਂ ਵਿੱਚ ਪੀੜ੍ਹਤ ਬੱਚਿਆਂ ਦੇ ਮਾਪਿਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਮਾਹਿਰ ਜ਼ਿਲ੍ਹੇ ਵਿਚ ਨਸ਼ੇ ਦੀ ਰੋਕਥਾਮ ਤੇ ਮੁੜ ਵਸੇਬੇ ਲਈ ਪੁਲਿਸ ਅਤੇ ਹੋਰਨਾਂ ਵਿਭਾਗਾਂ ਨਾਲ ਮਿਲ ਕੇ ਐਕਸ਼ਨ ਪਲਾਨ ਤਿਆਰ ਕਰਨ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਸਿਵਲ ਸਰਜਨ ਡਾ.ਗੁਰਿੰਦਰਬੀਰ ਕੌਰ, ਡਾ.ਸੰਦੀਪ ਭੋਲਾ ਅਤੇ ਜਿਲ੍ਹਾ ਮਾਲ ਅਫਸਰ ਜਸ਼ਨਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media