ਕਿਹਾ, ਐਬੂਲੈਂਸ ਦੀ ਘਾਟ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਹਨ ਮੁਸ਼ਕਲਾਂ
ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ )- ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ’ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਹੈ।ਪ੍ਰੰਤੂ ਇਲਾਕੇ ‘ਚ ਸਿਹਤ ਸਹੂਲਤਾਂ ਨਾ ਦੇ ਬਰਾਬਰ ਹਨ।ਇਸ ਲਈ ਮਿੰਨੀ ਪੀ.ਐਚ.ਸੀ ਛਾਜ਼ਲੀ ਦਾ ਦਰਜ਼ਾ ਵਧਾ ਕੇ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਪੂਰਾ ਕਰੇ।ਉਹਨਾਂ ਕਿਹਾ ਕਿ ਸਰਕਾਰ ਮੁਹੱਲਾ ਕਲੀਨਿਕ ਖੋਲਣ ਤੋਂ ਪਹਿਲਾਂ ਹਸਪਤਾਲਾਂ ‘ਚ ਡਾਕਟਰ, ਦਵਾਈਆਂ ਤੇ ਲੋੜੀਂਦਾ ਅਮਲਾ ਪੂਰਾ ਕਰੇ।ਛਾਜਲੀ ਪੀ.ਐਚ.ਸੀ ਵਿਖੇ ਐਬੂਲੈਂਸ ਨਾ ਹੋਣ ਕਾਰਨ ਮਰੀਜ਼ਾਂ ਨੂੰ ਦੂਰ ਦੁਰਾਡੇ ਹਸਪਤਾਲਾਂ ‘ਚ ਜਾਣ ਸਮੇਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਖਾਸਕਰ ਗਰਭਵਤੀ ਔਰਤਾਂ ਨੂੰ ਜਣੇਪੇ ਸਮੇਂ ਆਪਣੀ ਜਾਨ ਜੋਖਮ ਚ ਪਾ ਕੇ ਦੂਜੀ ਥਾਂ ‘ਤੇ ਇਲਾਜ਼ ਲਈ ਜਾਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਪਿੰਡ ਦੇ ਹਸਪਤਾਲ ‘ਚ ਲੈਬੋਰਟਰੀ ਟੈਕਨੀਸੀਅਨ ਦੀ ਪੋਸਟ ਨਾ ਹੋਣ ਕਾਰਨ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਹੈ।ਜਿਸ ਨਾਲ ਉਹਨਾਂ ਦੀ ਆਰਥਿਕ ਲੁੱਟ ਹੁੰਦੀ ਹੈ ਅਤੇ ਸਮਾਂ ਵੀ ਬਰਬਾਦ ਹੁੰਦਾ ਹੈ।ਉਨਾਂ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਦੇ ਨਾਲ-ਨਾਲ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਿਆ ਹੋਇਆ ਹੈ, ਜੋ ਹਰ ਸਮੇਂ ਓਵਰਫਲੋ ਰਹਿੰਦਾ ਹੈ।ਬਰਸਾਤ ਦੇ ਸਮੇਂ ਤਾਂ ਗੰਦਾ ਪਾਣੀ ਸੜਕ ‘ਤੇ ਜਮਾਂ ਰਹਿੰਦਾ ਹੈ ਅਤੇ ਹਸਪਤਾਲ ਦੇ ਅੰਦਰ ਤੱਕ ਪਹੁੰਚ ਜਾਂਦਾ ਹੈ।ਜਿਸ ਕਾਰਨ ਇਥੇ ਇਲਾਜ਼ ਕਰਵਾਉਣ ਆਉਣ ਵਾਲੇ ਮਰੀਜ਼, ਇਲਾਜ਼ ਦੀ ਥਾਂ ਹੋਰ ਬਿਮਾਰੀਆਂ ਲੈ ਕੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਅੱਧ ਤੋਂ ਵੱਧ ਹਸਪਤਾਲ ਦੀ ਇਮਾਰਤ ਥਾਣਾ ਛਾਜਲੀ ਕੋਲ ਹੈ।ਜਿਸ ਨੂੰ ਖਾਲੀ ਕਰਵਾ ਕੇ ਹਸਪਤਾਲ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ ਅਤੇ ਥਾਣਾ ਛਾਜਲੀ ਨੂੰ ਹੋਰ ਜਗ੍ਹਾ ਦੇ ਤਬਦੀਲ ਕਰਨਾ ਚਾਹੀਦਾ ਹੈ।