Wednesday, May 7, 2025
Breaking News

ਖ਼ਾਲਸਾ ਕਾਲਜ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਆਈ.ਐਸ.ਡੀ.ਸੀ ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ, 24 ਮਈ (ਖੁਰਮਣੀਆਂ ) – ਖਾਲਸਾ ਕਾਲਜ ਨੇ ਕਾਮਰਸ ਗ੍ਰੈਜੂਏਟ ਵਿਦਿਆਰਥੀਆਂ ’ਚ ਹੁਨਰ ਨੂੰ ਵਧਾਉਣ ਲਈ ਇੰਟਰਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਆਈ.ਐਸ.ਡੀ.ਸੀ) ਨਾਲ ਇਕ ਸਮਝੌਤਾ ਪੱਤਰ (ਐਮ.ਓ.ਯੂ) ’ਤੇ ਹਸਤਾਖਰ ਕੀਤੇ ਹਨ।ਇਸ ਸਮਝੌਤੇ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਆਈ.ਐਸ.ਡੀ.ਸੀ ਦੇ ਹੈਡ ਆਫ਼ ਪਾਰਟਨਰਸ਼ਿਪ ਸ਼ੋਨੇ ਬਾਬੂ ਦਰਮਿਆਨ ਦਸਤਖ਼ਤ ਕੀਤੇ ਗਏ।
                ਇਸ ਪ੍ਰੋਗਰਾਮ ਤਹਿਤ ਕਾਲਜ ਵਲੋਂ ਐਸੋਸੀਏਸ਼ਨ ਆਫ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ (ਏ.ਸੀ.ਸੀ.ਏ), ਯੂ.ਕੇ ਅਤੇ ਇੰਸਟੀਚਿਊਟ ਆਫ਼ ਮੈਨੇਜਮੈਂਟ ਅਕਾਊਂਟੈਂਟਸ (ਆਈ.ਐਮ.ਏ), ਯੂ.ਐਸ.ਏ ਦੁਆਰਾ ਮਾਨਤਾ ਪ੍ਰਾਪਤ 3 ਸਾਲਾਂ ਦੇ ਅੰਡਰ ਗ੍ਰੈਜ਼ੂਏਟ ਕੋਰਸ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣਗੇ।ਇਹ ਕੋਰਸ ਵਿਦਿਆਰਥੀਆਂ ਨੂੰ ਅਕਾਊਂਟਿੰਗ, ਫ਼ਾਇਨਾਂਸ ਅਤੇ ਮੈਨੇਜ਼ਮੈਂਟ ਨਾਲ ਸਬੰਧਿਤ ਵਿਸ਼ਿਆਂ ’ਚ ਲੋੜੀਂਦੇ ਹੁਨਰ ਅਤੇ ਗਿਆਨ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ।
                    ਪ੍ਰਿੰ: (ਡਾ.) ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਇਨ੍ਹਾਂ ਕੋਰਸਾਂ ਰਾਹੀਂ ਏ.ਸੀ.ਸੀ.ਏ ਦੇ ਇਮਤਿਹਾਨਾਂ ’ਚ ਰਿਆਇਤ ਅਤੇ ਸੀ.ਐਮ.ਏ ’ਚ ਸਕਾਲਰਸ਼ਿਪ ਦਾ ਫ਼ਾਇਦਾ ਲੈਣ ਦੇ ਯੋਗ ਹੋਣਗੇ।ਉਨ੍ਹਾਂ ਕਿਹਾ ਕਿ ਏ.ਸੀ.ਸੀ.ਏ ਵਿੱਤੀ ਲੇਖਾਕਾਰੀ ਦੇ ਖੇਤਰ ’ਚ ਇਕ ਨਾਮਵਰ ਕੋਰਸ ਹੈ, ਜੋ ਵਿਦਿਆਰਥੀਆਂ ਨੂੰ ਸਫਲ ਕੈਰੀਅਰ ਬਣਾਉਣ ਲਈ ਹੁਨਰ, ਗਿਆਨ ਅਤੇ ਕਦਰਾਂ-ਕੀਮਤਾਂ ਨਾਲ ਭਰਪੂਰ ਕਰਦਾ ਹੈ।
                  ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਲਾਈ ਸੈਸ਼ਨਾਂ ਰਾਹੀਂ ਏ.ਸੀ.ਸੀ.ਏ ਦੁਆਰਾ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਵਿੱਤ ਪ੍ਰੋਗਰਾਮ ’ਚ 3 ਸਾਲਾਂ ਦਾ ਬੀ.ਕਾਮ ਕੋਰਸ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਦਯੋਗ-ਮੁਖੀ ਵਿੱਤੀ ਤੇ ਵਿਸ਼ਲੇਸ਼ਣਾਤਮਕ ਸਾਧਨਾਂ, ਰਣਨੀਤੀਆਂ ਅਤੇ ਪ੍ਰਬੰਧਨ ਦੀ ਡੂੰਘਾਈ ਨਾਲ ਸਮਝ ਪ੍ਰਾਪਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਗਲੋਬਲ ਪੱਧਰ ’ਤੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਲੋੜੀਂਦੇ ਹੁਨਰਾਂ ਅਤੇ ਮੁਹਾਰਤ ਪ੍ਰਾਪਤ ਕਰਨ ’ਚ ਸਹਾਈ ਸਿੱਧ ਹੋਵੇਗਾ।ਉਨ੍ਹਾਂ ਨੇ ਡੀਨ ਅਤੇ ਹੈਡ (ਕਾਮਰਸ) ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਅਜੇ ਸਹਿਗਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਅਕਾਦਮਿਕ ਡੀਨ ਡਾ: ਤਮਿੰਦਰ ਸਿੰਘ ਨੇ ਸ਼ੋਨੇ ਬਾਬੂ ਅਤੇ ਨਿਖਿਲ ਸ਼ਰਮਾ ਦਾ ਸਮਝੌਤੇ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ’ਤੇ ਧੰਨਵਾਦ ਕੀਤਾ।

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …