ਕੈਬਨਿਟ ਮੰਤਰੀ ਸ. ਰਣੀਕੇ ਵੱਲੋਂ ਸੰਗਤਾਂ ਨੂੰ ਸ਼ਹੀਦੀ ਸਮਾਗਮ ‘ਚ ਸ਼ਾਮਲ ਹੋਣ ਦਾ ਸੱਦਾ
ਬਟਾਲਾ, 29 ਨਵੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ 20 ਦਸੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਮਾਨਾਵਾਲ ਵਿਖੇ ਮਨਾਏ ਜਾ ਰਹੇ ਭਾਈ ਜੀਵਨ ਸਿੰਘ ਦੇ ਰਾਜ ਪੱਧਰੀ ਸ਼ਹੀਦੀ ਦਿਵਸ ਮਨਾਇਆ ਜਾਵੇਗਾ, ਜਿਸ ਵਿੱਚ ਪੂਰੇ ਸੂਬੇ ‘ਚੋਂ ਵੱਡੀ ਗਿਣਤੀ ਸੰਗਤਾਂ ਸ਼ਾਮਲ ਹੋਣਗੀਆਂ। ਇਸ ਰਾਜ ਸ਼ਹੀਦੀ ਸਮਾਗਮ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਦੇ ਪ੍ਰਧਾਨ ਸ. ਗੁਲਜ਼ਾਰ ਸਿੰਘ ਰਣੀਕੇ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੀ ਮੀਟਿੰਗ ਬਟਾਲਾ ਦੇ ਗੁਰਦੁਆਰਾ ਸਤਿਕਰਾਤਰੀਆਂ ਵਿਖੇ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਸ਼ਾਮਲ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 20 ਦਸੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਮਾਨਾਵਾਲ (ਨਜਦੀਕ ਜੰਡਿਆਲਾ ਗੁਰੂ) ਅਮਰ ਸ਼ਹੀਦ ਭਾਈ ਜੀਵਨ ਸਿੰਘ ਦਾ ਰਾਜ ਪੱਧਰੀ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਵੇਗੀ। ਸੰਗਤਾਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਸ. ਰਣੀਕੇ ਨੇ ਕਿਹਾ ਕਿ ਆਓ ਸਾਰੇ 20 ਦਸੰਬਰ ਨੂੰ ਮਾਨਾਵਾਲ ਵਿਖੇ ਪਹੁੰਚ ਕੇ ਉਸ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰੀਏ। ਸ. ਰਣੀਕੇ ਨੇ ਕਿਹਾ ਕਿ ਭਾਈ ਜੀਵਨ ਸਿੰਘ ਨੇ ਦਿੱਲੀ ਤੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਸੀਸ ਲਿਆ ਕੇ ਜੋ ਬਹਾਦਰੀ ਦਾ ਕੰਮ ਕੀਤਾ ਸੀ ਉਹ ਲਾ-ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਈ ਜੀਵਨ ਸਿੰਘ ਦਾ ਗੁਰੂ ਘਰ ਪ੍ਰਤੀ ਸਮਰਪਣ ਤੇ ਕੁਰਬਾਨੀ ਉਨ੍ਹਾਂ ਨੂੰ ਮਹਾਨ ਬਣਾਉਣੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਸ਼ਹਾਦਤ ‘ਤੇ ਮਾਣ ਹੈ। ਸ. ਰਣੀਕੇ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰ ਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵਸ਼ਾਲੀ ਵਿਰਸੇ ਨਾਲ ਜੋੜਨ ਦਾ ਕੰਮ ਕੀਤਾ ਹੈ।
ਇਸੇ ਦੌਰਾਨ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਦਲਿਤ ਭਾਈਚਾਰੇ ਸਮੇਤ ਹਰ ਵਰਗ ਦੀ ਸਹੀ ਨੁਮਾਇੰਦਗੀ ਕਰਦਾ ਹੈ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਗਰੀਬਾਂ ਅਤੇ ਦਲਿਤਾਂ ਨੂੰ ਕਈ ਸਹੂਲਤਾਂ ਮਿਲੀਆਂ ਹਨ। ਆਟਾ ਦਾਲ, ਸ਼ਗਨ ਸਕੀਮ, ਮੁਫਤ ਬਿਜਲੀ, ਪੈਨਸ਼ਨ ਸਕੀਮ, ਵਜ਼ੀਫਾ ਸਕੀਮ ਦਾ ਜਿਕਰ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਪਾਰਟੀ ਸਰਬੱਤ ਦੇ ਭਲੇ ਫਲਸਫੇ ਤਹਿਤ ਚੱਲ ਰਹੀ ਹੈ। ਉਨ੍ਹਾਂ ਕਿਹਾ ਦਲਤਿ ਭਾਈਚਾਰੇ ਦੇ ਹਿੱਤ ਹਮੇਸ਼ਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸੁਰੱਖਿਅਤ ਰਹੇ ਹਨ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਸ. ਰਣੀਕੇ ਨੂੰ ਭਰੋਸਾ ਦਿੱਤਾ ਕਿ ਬਟਾਲਾ ਹਲਕੇ ਸਮੇਤ ਪੂਰੇ ਜ਼ਿਲ੍ਹੇ ਚੋਂ ਸੰਗਤਾਂ ਦਾ ਰਿਕਾਰਡ ਇਕੱਠ ਮਾਨਾਵਾਲ ਦੇ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਅਨਮੋਲ ਸਰਮਾਇਆ ਹਨ ਅਤੇ ਸਾਡੀਆਂ ਆਉੇਣ ਵਾਲੀਆਂ ਪੀੜ੍ਹੀਆਂ ਹਮੇਸ਼ਾਂ ਹੀ ਆਪਣੇ ਵਿਰਸੇ ਤੋਂ ਸੇਧ ਲੈਂਦੀਆਂ ਰਹਿਣਗੀਆਂ। ਇਸ ਮੌਕੇ ਸ. ਲੋਧੀਨੰਗਲ ਤੇ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ. ਲਖਵਿੰਦਰ ਸਿੰਘ ਘੁੰਮਣ ਵੱਲੋਂ ਸ. ਰਣੀਕੇ ਨੂੰ ਸ੍ਰੀ ਸਾਹਿਬ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸੁਭਾਸ਼ ਔਹਰੀ, ਜਗਰੂਪ ਸਿੰਘ ਸੇਖਵਾਂ, ਅਮਨਜੋਤ ਸਿੰਘ ਬੱਬੇਹਾਲੀ, ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਸੱਜਣ ਸਿੰਘ ਬੱਜੂਮਾਨ, ਗੁਰਨਾਮ ਸਿੰਘ ਜੱਸਲ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਸ. ਕਰਨਦੀਪ ਸਿੰਘ ਸੋਹਲ, ਕੁਲਬੀਰ ਸਿੰਘ ਰੰਧਾਵਾ, ਅਮਰੀਕ ਸਿੰਘ ਵਡਾਲਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ, ਮੰਗਲ ਸਿੰਘ ਬਟਾਲਾ, ਬਲਵਿੰਦਰ ਸਿੰਘ ਡਡਿਆਲਾ ਨਜ਼ਾਰਾ, ਤਰਲੋਕ ਸਿੰਘ ਬਾਠ, ਜੋਗਿੰਦਰ ਸਿੰਘ ਥਰੀਏਵਾਲ, ਸੁਖਵਿੰਦਰ ਸਿੰਘ ਉਮਰਪੁਰਾ, ਰਣਧੀਰ ਸਿੰਘ, ਇੰਦਰਜੀਤ ਸਿੰਘ ਜਕੜੀਆ, ਨਰਿੰਦਰ ਸੇਖਵਾਂ, ਰਣਜੀਤ ਸਿੰਘ ਸੰਗਰਾਵਾਂ ਤੋਂ ਇਲਾਵਾ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ।