Sunday, March 22, 2026

ਚੰਦੂਮਾਜਰਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਪਾਰਲੀਮੈਂਟ ‘ਚ ਬੁਲੰਦ ਕੀਤੀ ਜ਼ੋਰਦਾਰ ਆਵਾਜ਼

PPN2711201404
ਨਵੀਂ ਦਿੱਲੀ, 29 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਪਾਰਲੀਮੈਂਟ ਅੰਦਰ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਝੋਨੇ ਦੀ ਫਸਲ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਸਦਨ ਅੰਦਰ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 21 ਹਜ਼ਾਰ ਕਰੋੜ ਰੁਪਏ ਦੀ ਕਰੰਟ ਕ੍ਰੈਡਿਟ ਲਿਮਿਟ (ਛਛਲ਼) ਵਿੱਚੋਂ ਕੇਵਲ 18 ਹਜ਼ਾਰ ਕਰੋੜ ਹੀ ਦਿੱਤਾ ਜਾ ਸਕਿਆ ਹੈ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਾਰ-ਵਾਰ ਚੇਤੇ ਕਰਾਏ ਜਾਣ ਦੇ ਬਾਵਜੂਦ 3000 ਕਰੋੜ ਰੁਪਏ ਜਾਰੀ ਨਹੀਂ ਕੀਤੇ ਗਏ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਤੇਲ ਖਰੀਦਣ, ਖਾਦ ਖਰੀਦਣ ਤੋਂ ਪ੍ਰੇਸ਼ਾਨ ਜੋ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਹੈ, ਨੂੰ ਰਾਹਤ ਦੇਣ ਲਈ 12 ਲੱਖ ਟਨ ਝੋਨੇ ਦਾ ਬਕਾਇਆ ਵੀ ਤੁਰੰਤ ਜਾਰੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਝੋਨੇ ਦੀ ਪੈਦਾਵਾਰ ਦਾ 95 ਫੀਸਦੀ ਕੇਂਦਰੀ ਪੂਲ ਵਿਚ ਹਿੱਸਾ ਪਾਉਂਦਾ ਹੈ, ਪਰ ਫਿਰ ਵੀ ਉਹਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਜੇ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਵੀ ਸੀ ਤਾਂ ਉਸ ਨੂੰ ਪਹਿਲਾਂ ਉਠਾਉਣਾ ਚਾਹੀਦਾ ਸੀ ਝੋਨਾ ਖਰੀਦਣ ਤੋਂ ਪਹਿਲਾਂ।ਪ੍ਰੋ. ਚੰਦੂਮਾਜਰਾ ਨੇ ਬ੍ਰੈਂਡਿਡ ਦਵਾਈਆਂ ਖਰੀਦਣ ਦੀ ਬਜਾਇ ਜੈਨੇਰਿਕ ਦਵਾਈਆਂ ਖਰੀਦਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਕਿ ਗਰੀਬਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਡਾਕਟਰ ਆਪਣੇ ਮੁਫਾਦਾਂ ਲਈ ਜੈਨੇਰਿਕ ਦਵਾਈਆਂ ਖਰੀਦਣ ਦੀ ਬਜਾਇ ਬ੍ਰਾਂਡਿਡ ਦਵਾਈਆਂ ਖਰੀਦਣ ਲਈ ਮਜਬੂਰ ਕਰਦੇ ਹਨ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਕਾਲੇ ਧਨ ਨੂੰ ਵਾਪਸ ਹਿੰਦੁਸਤਾਨ ਲਿਆਉਣ ਦੇ ਮੁੱਦੇ ‘ਤੇ ਚਰਚਾ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ, ਪਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਰ ਵੀ ਗੰਭੀਰਤਾ ਵਿਖਾਉਣ ਦੀ ਲੋੜ ਹੈ। ‘ਸੱਪ ਲੰਘਣ ਤੋਂ ਬਾਅਦ ਉਹਦੀ ਲੀਹ ‘ਤੇ ਪਹਿਲਾਂ ਹੀ ਸੋਟੇ ਬਥੇਰੇ ਵੱਜ ਚੁੱਕੇ ਹਨ, ਲੋੜ ਕਾਲਾ ਧਨ ਕਾਬੂ ਕਰਨ ਦੀ ਹੈ ਜਿਸ ਨੇ ਗਰੀਬ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ।ਉਨ੍ਹਾਂ ਚੇਤੇ ਕਰਾਇਆ ਕਿ ਸਰਕਾਰ ਨੇ ਜਦੋਂ ਸਖ਼ਤੀ ਕੀਤੀ ਤਾਂ ਕਾਲੇ ਧਨ ਵਾਲਿਆਂ ਨੇ ਬੈਂਕਾਂ ਵਿੱਚੋਂ ਪੈਸਾ ਕਢਵਾ ਕੇ ਵਿਦੇਸ਼ਾਂ ਵਿੱਚ ਪਹੁੰਚਾਇਆ। ਵਿਦੇਸ਼ਾਂ ਵਿੱਚੋਂ ਕੱਢ ਕੇ ਰੀਅਲ ਇਸਟੇਟ ਵਿਚ ਕੰਵਰਟ ਕੀਤਾ। ਇਸ ਲਈ ਕਾਲਾ ਧਨ ਪੈਦਾ ਕਰਨ ਵਾਲਿਆਂ ਦੀ ਆਪਣੇ ਹੀ ਮੁਲਕ ਵਿਚ ਕਮੀ ਨਹੀਂ, ਜਿਸ ਨਾਲ ਨਜਿੱਠਣਾ ਸਮੇਂ ਦੀ ਲੋੜ ਬਣ ਚੁੱਕਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply