Thursday, February 26, 2026

ਦੁੱਧ ਦੇ ਕਿੱਤੇ ਨੂੰ ਬਣਾਵਾਂਗੇ ਲਾਹੇਵੰਦ ਧੰਦਾ – ਧਾਲੀਵਾਲ

‘ਡੇਅਰੀ ਫਾਰਮਿੰਗ ਰਾਹੀਂ ਔਰਤਾਂ ਦਾ ਸਸ਼ਕਤੀਕਰਨ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਪਹਿਲੀ ਜੂਨ 2022 ਨੂੰ ‘ਵਿਸ਼ਵ ਦੁੱਧ ਦਿਵਸ’ ਵਜੋਂ ਮਨਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਡੇਅਰੀ ਫਾਰਮਿੰਗ ਰਾਹੀਂ ਔਰਤਾਂ ਦਾ ਸਸ਼ਕਤੀਕਰਨ“ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਜੋ ਮਨੱਖੀ ਸਿਹਤ ਲਈ ਦੁੱਧ ਦੀ ਮਹੱਤਤਾ ਨੂੰ ਉਜ਼ਾਗਰ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਡੇਅਰੀ ਸੈਕਟਰ ਨੂੰ ਉਤਸ਼ਾਹਿਤ ਕਰਨ ਨਾਲ ਜੁੜੀਆਂ ਨੀਤੀਆਂ ਅਤੇ ਵਿਸਤਾਰ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਦੇ ਮੁੱਖ ਵਿਚਾਰ ਦੇ ਨਾਲ ਇੱਕ ਬਹੁ-ਪੱਖੀ ਗਤੀਵਿਧੀ ਸੀ।ਮਹਿਲਾ ਡੇਅਰੀ ਕਿਸਾਨਾਂ ਦੀ ਭੂਮਿਕਾ ਨੂੰ ਉਜ਼ਾਗਰ ਕਰਨ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।
                  ਇਸ ਸਮਾਗਮ ਦੀ ਪ੍ਰਧਾਨਗੀ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਨੇ ਕੀਤੀ।ਉਨਾਂ੍ਹ ਕਿਹਾ ਕਿ ਰਾਜ ਦੇ ਸੀਮਾਂਤ ਕਿਸਾਨਾਂ ਲਈ ਡੇਅਰੀ ਰਾਹੀਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਅਤੇ ਨਿਯਮਤ ਆਮਦਨ ਪੈਦਾ ਕਰਨ ਲਈ ਸੂਬੇ ਦੀਆਂ ਮਹਿਲਾ ਡੇਅਰੀ ਕਿਸਾਨਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਇਸ ਸਮੇਂ ਦੋ ਫਸਲੀ ਪੈਟਰਨ ਕਾਰਨ ਖੇਤੀਬਾੜੀ ਖੇਤਰ ਵਿੱਚ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਲੋਕ ਪਿੱਛਲੇ ਕਈ ਸਾਲਾਂ ਤੋਂ ਕਣਕ-ਝੋਨੇ ਦੀ ਕਾਸ਼ਤ ਕਰ ਰਹੇ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕ ਸਿਹਤ ਖਰਾਬ ਹੋ ਰਹੀ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਗੰਭੀਰ ਰੂਪ ਵਿੱਚ ਹੇਠਾਂ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਸਰਕਾਰ ਰਾਜ ਵਿੱਚ ਚੌਲਾਂ ਦੀ ਸਿੱਧੀ ਫਸਲ ਬੀਜ਼ਣ ਅਤੇ ਮੂੰਗੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਇੱਕ ਸਕੀਮ ਸ਼ੁਰੂ ਕੀਤੀ ਜਾ ਚੁੱਕੀ ਹੈ।ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਘਰੇਲੂ ਪੱਧਰ ਤੋਂ ਸੀਮਾਂਤ ਅਤੇ ਮਹਿਲਾ ਡੇਅਰੀ ਕਿਸਾਨਾਂ ਦੁਆਰਾ ਡੇਅਰੀ ਦੇ ਕਿੱਤੇ ਦਾ ਵਿਕਾਸ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਖੇਤੀਬਾੜੀ ਮੌਸਮੀ ਆਮਦਨ ਪੈਦਾ ਕਰਦੀ ਹੈ ਜਦੋਂ ਕਿ ਡੇਅਰੀ ਵਿੱਚ ਪੂਰੇ ਸਾਲ ਦੀਆਂ ਗਤੀਵਿਧੀਆਂ ਅਤੇ ਰੁਟੀਨ ਦੇ ਅਧਾਰ‘ ਤੇ ਆਮਦਨ ਪ੍ਰਦਾਨ ਕਰਨ ਦੀ ਸਮਰੱਥਾ ਹੈ।ਧਾਲੀਵਾਲ ਨੇ ਕਿਹਾ ਕਿ ਡੇਅਰੀ ਵਿਭਾਗ ਦੁੱਧ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਹਰ ਸੰਭਵ ਸਹਿਯੋਗ ਕਰੇਗਾ ਅਤੇ ਘਰੇਲੂ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
                   ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਕਿਹਾ ਕਿ ਡੇਅਰੀ ਵਿਭਾਗ ਸੱਸਤੇ ਰੇਟਾਂ ਤੇ ਘਰ-ਘਰ ਦੁੱਧ ਟੈਸਟ ਕਰਨ ਦੀਆਂ ਕਿੱਟਾਂ ਮੁਹੱਈਆ ਕਰਵਾਏਗਾ ਤਾਂ ਜੋ ਘਰ ਬੈਠੇ ਹੀ ਲੋਕ ਦੁੱਧ ਦੀ ਸ਼ੁਧਤਾ ਚੈਕ ਕਰ ਸਕਣ।ਡੇਅਰੀ ਵਿਭਾਗ ਵਲੋਂ 9 ਟਰੇਨਿੰਗ ਸਂੈਟਰ ਚਲਾਏ ਜਾ ਰਹੇ ਹਨ, ਜਿਥੇ ਦੁੱਧ ਮਾਲਕਾਂ ਨੂੰ ਤਕਨੀਕੀ ਟਰੇਨਿੰਗ ਮੁਹੱਈਆਂ ਕਰਵਾਈ ਜਾਂਦੀ ਹੈ।ਡੇਅਰੀ ਵਿਭਾਗ ਵਲੋ ਜ਼ਲਦ ਹੀ ਮਹਿਲਾਵਾਂ ਨੂੰ ਵੀ ਇੰਨਾਂ੍ਹ ਟਰੇਨਿੰਗ ਸੈਟਰਾਂ ਵਿਚ ਮੁਫਤ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਡੇਅਰੀ ਵਿਕਾਸ ਵਿਭਾਗ ਸੀਮਤ ਮਨੁੱਖੀ ਵਸੀਲਿਆਂ ਦੇ ਬਾਵਜ਼ੂਦ ਰਾਜ ਸਰਕਾਰ ਦੀਆਂ ਡੇਅਰੀ ਸਕੀਮਾਂ ਅਤੇ ਦਿਸਾਨਿਰ ਦੇਸਾਂ ਨੂੰ ਲਾਗੂ ਕਰਨ ਲਈ ਹਰ ਸਮੇਂ ਵਚਨਬੱਧ ਹੈ ।
                  ਸੈਮੀਨਾਰ ਵਿੱਚ ਡੇਅਰੀ ਉਦਯੋਗ ਨਾਲ ਜੁੜੇ ਉਘੇ ਮਾਹਿਰਾਂ ਜਿਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ ਅੰਮ੍ਰਿਤਸਰ ਆਦਿ ਦੇ ਮਾਹਿਰਾਂ ਨੇ ਦੁੱਧ ਉਦਯੋਗ ਨਾਲ ਸਬੰਧਤ ਮੁੱਦਿਆਂ ਜਿਵੇਂ ਕਿ ਆਧੁਨਿਕ ਤਕਨੀਕਾਂ ਦੀ ਸ਼ੁਰੂਆਤ, ਡੇਅਰੀ ਨੂੰ ਵਿਵਹਾਰਕ ਬਣਾਉਣ ਲਈ ਵੈਲਿਯੂ ਐਡੀਸ਼ਨ ਉਤਪਾਦਕਤਾ ਵਿੱਚ ਵਾਧਾ, ਦੁੱਧ ਦੀ ਗੁਣਵੱਤਾ ਅਤੇ ਪਸ਼ੂ ਸਿਹਤ, ਪ੍ਰਭਾਵਸ਼ਾਲੀ ਪਸ਼ੂ ਪ੍ਰਜਨਨ ਅਤੇ ਪਸ਼ੂ ਰੋਗ ਨਿਯੰਤਰਣ ਸੇਵਾਵਾਂ, ਸੰਤੁਲਿਤ ਪਸ਼ੂ ਖੁਰਾਕ, ਸਾਫ ਦੁੱਧ ਉਤਪਾਦਨ, ਦੁੱਧ ਦੀ ਸੁਰੱਖਿਆ ਅਤੇ ਰਾਜ ਦੇ ਡੇਅਰੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਕਦਮ, ਪੰਜਾਬ ਰਾਜ ਵਿੱਚ ਡੇਅਰੀ ਖੇਤਰ ਦੇ ਹੋਰ ਵਿਕਾਸ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸੀਮਾਂਤ ਅਤੇ ਮਹਿਲਾ ਡੇਅਰੀ ਕਿਸਾਨਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨ ਅਤੇ ਉਹਨਾਂ ਨੂੰ ਪੇਸ਼ੇਵਰ ਤੇ ਵਿੱਤੀ ਤੌਰ ‘ਤੇ ਸਮਰੱਥ ਬਣਾਉਣ ਬਾਰੇ ਚਾਨਣਾ ਪਾਇਆ।
                  ਜਿੰਨਾਂ ਮਹਿਲਾਵਾਂ ਵਲੋਂ ਡੇਅਰੀ ਫਾਰਮਿੰਗ ਦਾ ਕਿੱਤਾ ਕੀਤਾ ਜਾ ਰਿਹਾ ਹੈ ਊਨ੍ਹਾਂ ਨੂੰ ਧਾਲੀਵਾਲ ਨੇ ਸਨਮਾਨਿਤ ਕੀਤਾ।ਵੇਰਕਾ, ਮੱਛੀ ਪਾਲਣ, ਮਿਲਕਫੈਡ ਅਤੇ ਡੇਅਰੀ ਵਿਭਾਗ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ।
                ਸੈਮੀਨਾਰ ਵਿਚ ਵਿਧਾਇਕਾ ਸ਼੍ਰੀਮਤੀ ਜੀਵਨ ਜੋਤ ਕੋਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਖਾਲਸਾ ਕਾਲਜ ਵੈਟਰਨਰੀ ਦੇ ਪ੍ਰਿੰਸੀਪਲ ਹਰੀਸ਼ ਵਰਮਾ, ਡਾ: ਜਸਵਿੰਦਰ ਸਿੰਘ ਢਿੱਲੋਂ, ਜਨਰਲ ਮੈਨੇਜਰ ਵੇਰਕਾ ਗੁਰਦੇਵ ਸਿੰਘ ਅਤੇ ਪੀ.ਪੀ ਸਿੰਘ, ਡਿਪਟੀ ਡਾਇਰੈਕਟਰ ਵਰਿਆਮ ਸਿੰਘ, ਨਿਰਵੈਲ ਸਿੰਘ ਬਰਾੜ, ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਮਹਿਲਾਵਾਂ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …