Saturday, September 19, 2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵੱਡੀ ਰੈਲੀ 9 ਜੂਨ ਨੂੰ – ਪੰਧੇਰ

ਕਿਹਾ, ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਜਨਮ ਦਿਹਾੜੇ ‘ਤੇ ਖੇਤੀਬਾੜੀ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸੱਗੂ) – ਜਿਲ੍ਹਾ ਅੰਮ੍ਰਿਤਸਰ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਹੋਈ।ਜਿਸ ਵਿਚ ਜਿਲ੍ਹੇ ਦੇ 19 ਜੋਨਾਂ ਤੋਂ ਪ੍ਰਧਾਨ, ਸਕੱਤਰ ਤੇ ਖਜਾਨਚੀ ਹਾਜ਼ਿਰ ਹੋਏ।ਮੀਡੀਆ ਨਾਲ ਗੱਲ ਕਰਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਥੇਬੰਦੀ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹੁਦਰ ਜੀ ਦੇ ਜਨਮ ਦਿਹਾੜੇ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਜਗਦੇਵ ਕਲਾਂ ਵਿਖੇ ਰਿਹਾਇਸ਼ ਤੇ ਕਿਸਾਨਾਂ ਮਜਦੂਰਾਂ ਦੀ ਵੱਡੀ ਰੈਲੀ ਕਰਕੇ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਤੇ ਜਗੀਰਦਾਰਾਂ ਕੋਲੋਂ ਜਮੀਨਾਂ ਖੋਹ ਕੇ ਕਾਸ਼ਤਕਾਰਾਂ ਤੇ ਗਰੀਬਾਂ ਨੂੰ ਵੰਡੀਆਂ ਸਨ।ਇਸ ਲਈ ਉਸ ਮਹਾਨ ਯੋਧੇ ਦੀ ਵਿਚਾਰਧਾਰਾ ‘ਤੇ ਚੱਲਦਿਆਂ ਜਥੇਬੰਦੀ ਦੀ ਮੰਗ ਹੈ ਕਿ ਭਗਵੰਤ ਮਾਨ ਸਰਕਾਰ ਇਸ ਮਹੀਨੇ ਦੇ ਵਿਧਾਨ ਸਭਾ ਸ਼ੈਸ਼ਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਕਨੂੰਨ ਬਣਾ ਕੇ ਪੂਰੇ ਪੰਜਾਬ ਸਮੇਤ ਅੰਮ੍ਰਿਤਸਰ ਜਿਲ੍ਹੇ ਵਿੱਚ 15000 ਏਕੜ ਆਬਾਦ ਕੀਤੀ ਜਮੀਨ ਦੇ ਮਾਲਕੀ ਹੱਕ ਕਾਸ਼ਤਕਾਰਾਂ ਨੂੰ ਦਿੱਤੇ ਜਾਣ।ਸੂਬਾਈ ਆਗੂ ਕਲੇਰ ਬਾਲਾ ਤੇ ਚੱਬਾ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਦੀ ਆੜ ਹੇਠ ਆਬਾਦਕਾਰਾਂ ਦੀਆਂ ਖ਼ੂਨ ਪਸੀਨੇ ਡੋਲ ਕੇ ਖੇਤੀ ਯੋਗ ਬਣਾਈਆਂ ਜਮੀਨਾਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।ਜਿਸ ਦਾ ਜਥੇਬੰਦੀ ਪੁਰਜ਼ੋਰ ਵਿਰੋਧ ਕਰੇਗੀ।ਜਿਲਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ,ਜਿਲ੍ਹਾ ਆਗੂ ਗੁਰਲਾਲ ਸਿੰਘ ਮਾਨ, ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਵੱਖ ਵੱਖ ਥਾਵਾਂ ਤੋਂ ਕੱਢੇ ਜਾ ਰਹੇ ਨੈਸ਼ਨਲ ਹਾਈਵੇ ਦਾ ਮੁਆਵਜ਼ਾ ਮਾਰਕੀਟ ਰੇਟਾਂ ਤਹਿਤ ਜਮੀਨ ਮਾਲਕਾਂ ਨੂੰ ਦਿੱਤਾ ਜਾਵੇ।ਇਸੇ ਦੌਰਾਨ ਨਜਾਇਜ਼ ਪਰਚਿਆਂ ਤੇ ਹੋਰ ਮਸਲਿਆਂ ਨੂੰ ਲੈ ਕੇ ਲੱਗਾ ਮੋਰਚਾ 15ਵੇਂ ਦਿਨ ਵੀ ਜਾਰੀ ਰਿਹਾ ਅਤੇ ਇਸ ਸੰਘਰਸ਼ ਨੂੰ ਲੰਬਾ ਲੜਨ ਲਈ ਵਿਓਂਤਬੰਦੀ ਕੀਤੀ ਗਈ।
                 ਇਸ ਮੌਕੇ ਜਿਲਾ ਆਗੂ ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ, ਅਮਰਦੀਪ ਸਿੰਘ ਗੋਪੀ, ਦਿਲਬਾਗ ਸਿੰਘ, ਕੰਵਲਜੀਤ ਸਿੰਘ, ਮਨਰਾਜ ਸਿੰਘ ਮਨੀ, ਚਰਨਜੀਤ ਸਿੰਘ ਸਫ਼ੀਪੁਰਾ, ਅਮਨਿੰਦਰ ਮਾਲੋਵਾਲ, ਚਰਨ ਸਿੰਘ ਕਲੇਰ ਘੁਮਾਣ, ਸਵਰਨ ਸਿੰਘ ਊਧੋਨੰਗਲ, ਸੁਖਦੇਵ ਸਿੰਘ ਚਾਟੀਵਿੰਡ, ਸੁਖਦੇਵ ਸਿੰਘ ਕਾਜ਼ੀਕੋਟ, ਕੰਧਾਰਾ ਸਿੰਘ, ਮੁਖਤਾਰ ਸਿੰਘ ਭੰਗਵਾਂ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਲਖਬੀਰ ਸਿੰਘ, ਗੁਰਦੇਵ ਸਿੰਘ ਗੱਗੋਮਾਹਲ, ਕੁਲਜੀਤ ਸਿੰਘ ਘਨੁਪੂਰ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਕੁਲਵੰਤ ਸਿੰਘ ਰਾਜਤਾਲ, ਕਸ਼ਮੀਰ ਸਿੰਘ ਚਾਹੜਪੁਰ, ਅੰਗਰੇਜ ਸਿੰਘ ਸੈਂਸਰਾ, ਸੁਖਜਿੰਦਰ ਸਿੰਘ ਹਰੜ ਸਮੇਤ ਹੋਰ ਜਿਲਾ ਕਮੇਟੀ ਆਗੂ ਹਾਜ਼ਰ ਰਹੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …