Monday, December 23, 2024

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਉਠਾਏ ਸਿੱਖ ਮਸਲੇ

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉਚ ਪੱਧਰੀ ਵਫ਼ਦ ਨੇ ਅੱਜ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ ਕਈ ਅਹਿਮ ਸਿੱਖ ਮਸਲੇ ਉਠਾਏ ਹਨ।ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ’ਚ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਤਵਿੰਦਰ ਸਿੰਘ ਟੌਹੜਾ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ਼ ਸੁਰਿੰਦਰਪਾਲ ਸਿੰਘ ਸਮਾਣਾ ਅਤੇ ਜਸਕਰਨ ਸਿੰਘ ਸ਼ਾਮਲ ਸਨ।ਵਫ਼ਦ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜਿਆ ਸਿੱਖ ਮਸਲਿਆਂ ਬਾਰੇ ਪੱਤਰ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪਦਿਆਂ ਇਨ੍ਹਾਂ ਦੇ ਸਰਲੀਕਰਨ ਦੀ ਮੰਗ ਕੀਤੀ।
                 ਸ਼੍ਰੋਮਣੀ ਕਮੇਟੀ ਵਫ਼ਦ ਦੇ ਆਗੂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮ ਘੱਟਗਿਣਤੀ ਕਮਿਸ਼ਨ ਕੋਲ ਭਾਰਤ ਦੇ ਸੰਵਿਧਾਨ ਦੀ ਧਾਰਾ 25ਬੀ ਵਿਚ ਸੋਧ ਕਰਕੇ ਸਿੱਖਾਂ ਨੂੰ ਇਕ ਵੱਖਰੀ ਕੌਮ ਦਾ ਦਰਜਾ ਦੇਣ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ, ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਤੇ ਗੁਰਦੁਆਰਾ ਮੰਗੂ ਮੱਠ ਸਾਹਿਬ ਉੜੀਸਾ ਸਮੇਤ ਹੋਰ ਕਈ ਇਤਿਹਾਸਕ ਗੁਰਧਾਮਾਂ ਦਾ ਮਸਲਾ ਹੱਲ ਕਰਕੇ ਇਨ੍ਹਾਂ ਦਾ ਪ੍ਰਬੰਧ ਸਿੱਖ ਸੰਸਥਾ ਨੂੰ ਦੇਣ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਦੀਪ ਸਿੰਘ ਖੇੜਾ ਅਤੇ ਹੋਰ ਬੰਦੀ ਸਿੱਖਾਂ ਨੂੰ ਰਿਹਾਅ ਕਰਨ, ਪੰਜਾਬ ਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਇਸਾਈ ਮਿਸ਼ਨਰੀਆਂ ਵੱਲੋਂ ਲਾਲਚ ਅਤੇ ਧੋਖੇ ਨਾਲ ਇਸਾਈ ਬਣਾਉਣ ਤੋਂ ਰੋਕਣ, ਵੱਖ-ਵੱਖ ਸੂਬਿਆਂ ਵਿਚ ਚਿਰਾਂ ਤੋਂ ਵੱਸਦੇ ਸਿੱਖਾਂ ਨੂੰ ਉਜਾੜਨ ਵਾਲੀਆਂ ਕਾਰਵਾਈਆਂ ’ਤੇ ਰੋਕ ਲਗਾ ਕੇ ਉਨ੍ਹਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ, 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਮੇਤ ਕਈ ਹੋਰ ਅਹਿਮ ਮਾਮਲੇ ਉਠਾਏ ਗਏ ਹਨ।
                    ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ’ਚ ਸਿੱਖਾਂ ਨੂੰ ਘੱਟਗਿਣਤੀ ਸਿੱਖਾਂ ਦਾ ਦਰਜਾ ਦੇ ਕੇ ਸਰਕਾਰੀ ਨੌਕਰੀਆਂ ਤੇ ਅਦਾਰਿਆਂ ਵਿਚ ਸਿੱਖ ਕੋਟਾਂ ਨਿਰਧਾਰਤ ਕਰਨ, ਵਿਦੇਸ਼ਾਂ ਵਿਚ ਸਿੱਖਾਂ ’ਤੇ ਨਸਲੀ ਹਮਲੇ ਰੋਕਣ ਲਈ ਕੂਟਨੀਤਕ ਪੱਧਰ ’ਤੇ ਉਪਰਾਲੇ ਕਰਨ, ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਆਰਥਕ ਹਾਲਤ ਸੁਧਾਰਨ ਲਈ ਸਬੰਧਤ ਰਾਜਾਂ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਉਨ੍ਹਾਂ ਦੇ ਉਜਾੜੇ ਨੂੰ ਰੋਕਣ, ਪ੍ਰੀਖਿਆਵਾਂ ਦੌਰਾਨ ਕਕਾਰ ਉਤਾਰਨ ਦਾ ਮਾਮਲਾ ਅਤੇ ਘਰੇਲੂ ਉਡਾਣਾਂ ਦੀ ਤਰਜ਼ ’ਤੇ ਕੌਮਾਂਤਰੀ ਯਾਤਰਾ ਦੌਰਾਨ ਕਿਰਪਾਨ ਦੀ ਛੋਟ ਦੇਣ, ਵੱਖ-ਵੱਖ ਬੋਰਡਾਂ ਤੇ ਯੂਨੀਵਰਸਿਟੀਆਂ ਦੇ ਪਾਠਕ੍ਰਮਾਂ ਵਿਚ ਸਿੱਖ ਇਤਿਹਾਸ ਸ਼ਾਮਲ ਕਰਨ ਮੌਕੇ ਸ਼੍ਰੋਮਣੀ ਕਮੇਟੀ ਪਾਸੋਂ ਪ੍ਰਮਾਣਿਤ ਕਰਵਾਉਣ, ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਹਿਜਰਤ ਕਰਕੇ ਭਾਰਤ ਆਏ ਹਿੰਦੂ ਸਿੱਖਾਂ ਨੂੰ ਨਾਗਰਿਕਤਾ ਦੇਣ ਅਤੇ ਉਥੇ ਜਾਨ-ਮਾਲ ਦੀ ਸੁਰੱਖਿਆ ਕਰਨ ਦੀ ਵੀ ਮੰਗ ਕੀਤੀ ਗਈ ਹੈ।ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਸਮੂਹ ਅਦਾਰਿਆਂ, ਟਰੱਸਟਾਂ ਆਦਿ ਲਈ ਈ.ਪੀਐ.ਫ ਟਰੱਸਟ ਬਣਾਉਣ ਲਈ ਪ੍ਰਵਾਨਗੀ ਸਮੇਤ ਈ.ਐਸ.ਆਈ ਤੋਂ ਛੋਟ ਦਿਵਾਉਣ ਲਈ ਆਖਿਆ ਗਿਆ ਹੈ।ਜਥੇਦਾਰ ਪੰਜੋਲੀ ਨੇ ਦੱਸਿਆ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਠਾਏ ਗਏ ਸਿੱਖ ਮਸਲਿਆਂ ਨੂੰ ਸੰਜੀਦਗੀ ਨਾਲ ਲੈਣ ਦਾ ਭਰੋਸਾ ਦਿੱਤਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …