ਐਵਾਰਡ ਪ੍ਰਾਪਤ ਕਰ ਚੁੱਕੇ ਕਿਸਾਨ ਅਗਲੀ ਫਸਲ ਦੀ ਬਿਜ਼ਾਈ ਨਾ ਕਰਨ
ਕਪੂਰਥਲਾ, 20 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਅੱਜ ਕਪੂਰਥਲਾ ਜਿਲ੍ਹੇ ਵਿਚੋਂ ਗੁਜ਼ਰਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ, ਐਸ.ਡੀ.ਐਮਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹਨ ਉਹ ਤੁਰੰਤ ਐਸ.ਡੀ.ਐਮਾਂ ਕੋਲੋਂ ਆਪਣਾ ਐਵਾਰਡ ਪ੍ਰਾਪਤ ਕਰਨ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕਿਸਾਨਾਂ ਨੇ ਐਵਾਰਡ ਪ੍ਰਾਪਤ ਕਰ ਲਏ ਹਨ, ਉਹ ਸਬੰਧਿਤ ਜ਼ਮੀਨ ਵਿੱਚ ਅਗਲੀ ਫਸਲ ਦੀ ਬਿਜ਼ਾਈ ਨਾ ਕਰਨ।ਇਸ ਸਬੰਧੀ ਮੁਨਿਆਦੀ ਵੀ ਕਰਵਾਈ ਜਾਵੇ।ਇਸ ਤੋਂ ਇਲਾਵਾ ਕਿਸਾਨਾਂ ਨੂੰ ਅਦਾਇਗੀ ਵਿੱਚ ਤੇਜ਼ੀ ਲਿਆਉਣ ਲਈ ਸਬੰਧਿਤ ਐਸ.ਡੀ.ਐਮਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ।ਉਨ੍ਹਾਂ ਕਪੂਰਥਲਾ ਸਬ ਡਵੀਜ਼ਨ ‘ਚ ਪੈਂਦੇ ਜਿਨ੍ਹਾਂ ਪਿੰਡਾਂ ਬਾਰੇ 3 ਡੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਉਹ 5 ਜੁਲਾਈ ਤੱਕ ਜਾਰੀ ਕਰਨ ਦੇ ਹੁਕਮ ਦਿੱਤੇ ਹਨ, ਜਦਕਿ 3 ਜੀ ਨੋਟੀਫੀਕੇਸ਼ਨ 7 ਜੁਲਾਈ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
ਇਸ ਮੌਕੇ ਐਸ.ਡੀ.ਐਮ ਕਪੂਰਥਲਾ ਡਾ. ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਕਮ ਐਸ.ਡੀ.ਐਮ ਭੁਲੱਥ ਰਣਜੀਤ ਸਿੰਘ, ਜਿਲ੍ਹਾ ਮਾਲ ਅਫਸਰ ਜੀ.ਐਸ ਬੈਨੀਪਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।