ਵਿਧਾਇਕਾ ਭਰਾਜ ਤੇ ਡੀ.ਸੀ ਜੋਰਵਾਲ ਨੇ ‘ਗਿਆਨ ਕਿਰਨਾਂ ਦੀ ਛੋਹ’ ਤਹਿਤ ਵਿੱਦਿਅਕ ਟੂਰ ਕੀਤਾ ਰਵਾਨਾ
ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋੜਵੰਦਾਂ ਦੇ ਬੱਚਿਆਂ ਤੱਕ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸਨ ਸੰਗਰੂਰ ਵਲੋਂ ਪੂਰੇ ਪੰਜਾਬ ਦੇ ਆਪਣੀ ਕਿਸਮ ਦੇ ਪਹਿਲੇ ਤੇ ਨਵੇਕਲੇ ਕਦਮ, ‘ਗਿਆਨ ਕਿਰਨਾਂ ਦੀ ਛੋਹ’ ਦੀ ਸ਼ੁਰੂਆਤ ਕੀਤੀ ਗਈ।ਅੱਜ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਤਕਰੀਬਨ 30 ਬੱਚਿਆਂ ਦੇ ਪਹਿਲੇ ਬੈਚ ਨੂੰ ਵਿੱਦਿਅਕ ਟੂਰ ਲਈ ਇੱਕ ਖ਼ਾਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਬੱਸ ਨੂੰ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜਿਸ ਨੂੰ ‘ਸਕੂਲ ਆਨ ਵੀਲਜ਼’ ਦਾ ਨਾਂ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪ੍ਰਸ਼ਾਸਨ ਸੰਗਰੂਰ ਵਲੋਂ ਇਹ ਉੱਦਮ ਕੀਤਾ ਗਿਆ ਹੈ।ਜਿਸ ਤਹਿਤ ਪੂਰੇ ਜ਼ਿਲ੍ਹੇ ’ਚੋਂ ਲੋੜਵੰਦ ਪਰਿਵਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਵਿੱਦਿਆ ਤੋਂ ਵਿਰਵੇ ਬੱਚਿਆਂ ਨੂੰ ਮੁੱਢਲੀ ਸਕੂਲੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।ਉਨਾਂ ਕਿਹਾ ਕਿ ਇਸ ਬੱਸ ਵਿੱਚ ਇੱਕੋ ਵੇਲੇ 30 ਬੱਚਿਆਂ ਦੇ ਬੈਠਣ ਦੇ ਪ੍ਰਬੰਧ ਦੇ ਨਾਲ-ਨਾਲ ਰੰਗਾਂ ਵਾਲੀਆਂ ਕਿਤਾਬਾਂ, ਖਿਡਾਉਣੇ ਅਤੇ ਵੱਖ-ਵੱਖ ਜਾਣਕਾਰੀਆਂ ਵਾਲੇ ਚਾਰਟ ਵੀ ਲਾਏ ਗਏ ਹਨ ਅਤੇ ਬੱਸ ਅੰਦਰ ਇੱਕ ਮਿੰਨੀ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਗਈ ਹੈ।ਬੱਚਿਆਂ ਦੀ ਸੁਰੱਖਿਆ ਲਈ ਬੱਸ ਵਿਚ ਸੀਸੀਟੀਵੀ ਕੈਮਰਾ, ਅੱਗ ਬੁਝਾਊ ਯੰਤਰ ਅਤੇ ਮੁੱਢਲੀ ਸਹਾਇਤਾ ਵਾਲੀ ਕਿੱਟ ਦੀ ਵਿਵਸਥਾ ਵੀ ਕੀਤੀ ਗਈ ਹੈ।
ਜਤਿੰਦਰ ਜੋਰਵਾਲ ਨੇ ਕਿਹਾ ਕਿ ਇਸ ਉਪਰਾਲੇ ਦਾ ਮੁਖ ਮਕਸਦ ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋਕਾਂ ਅਤੇ ਭਿਖਾਰੀਆਂ ਦੇ ਬੱਚਿਆਂ ਨੂੰ ਸਿੱਖਿਆ ਜ਼ਰੀਏ ਸਨਮਾਨਜਨਕ ਕੰਮਾਂ ਵੱਲ ਲੈ ਕੇ ਆਉਣਾ ਹੈ ਅਤੇ ‘ਸਕੂਲ ਆਨ ਵੀਲਜ਼’ ਨਾਂ ਦੀ ਇਹ ਬੱਸ ਰੋਜ਼ਾਨਾ ਅਜਿਹੇ ਇਲਾਕਿਆਂ ’ਚ ਭੇਜੀ ਜਾਵੇਗੀ ਜਿੱਥੇ ਬੱਚਿਆਂ ਨੂੰ ਵੱਖ-ਵੱਖ ਤਕਨੀਕਾਂ ਨਾਲ ਪੜਾਇਆ ਜਾਵੇਗਾ।ਇਸ ਬੱਸ ਵਿੱਚ ਇੱਕ ਸਕੂਲ ਅਧਿਆਪਕ ਅਤੇ ਦੋ ਆਂਗਨਵਾੜੀ ਵਰਕਰਾਂ ਦੀ ਤੈਨਾਤੀ ਕੀਤੀ ਗਈ ਹੈ ਜੋ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਮੁਹੱਈਆ ਕਰਵਾਉਣਗੇ।
ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪਹਿਲੀਆਂ ਗਰੰਟੀਆਂ ’ਚ ਇੱਕ ਨੂੰ ਪੂਰਾ ਕਰਨ ਦੇ ਮਕਸਦ ਨਾਲ ਚਲਾਇਆ ਗਿਆ ਹੈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਅਤੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ।