Thursday, September 28, 2023

ਸਿਕਲੀਗਰ ਤੇ ਵਣਜਾਰਾ ਸਮਾਜ ਨੂੰ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦਾ ਦਰਜ਼ਾ ਦੇਵੇ ਕੇਂਦਰ – ਪ੍ਰੋ: ਖਿਆਲਾ

ਨਵੀਂ ਦਿੱਲੀ ਵਿਖੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਬਾਦ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਿਕਲੀਗਰ, ਵਣਜਾਰਾ ਅਤੇ ਗੁੱਜਰ ਸਮਾਜ ਨੂੰ ਉਨ੍ਹਾਂ ਦੀਆਂ ਜਾਤੀਆਂ ਮੁਤਾਬਿਕ ਅਨੁਸੂਚਿਤ ਜਾਤੀਆਂ, ਪਛੜੀਆਂ ਸ਼਼੍ਰੇਣੀਆਂ ਅਤੇ ਦਲਿਤਾਂ ਭਾਈਚਾਰੇ ਵਜੋਂ ਮਾਨਤਾ ਦੇਣ ਦੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ।
                  ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਨੂੰ ਇਕ ਮੰਗ ਪੱਤਰ ਸੌਂਪਦਿਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ, ਪਛੜੀਆਂ ਸ਼਼੍ਰੇਣੀਆਂ ਤੇ ਦਲਿਤ ਵਰਗ ਦੇ ਸਿੱਖਾਂ ਨੂੰ ਸਰਕਾਰੀ ਸਹੂਲਤਾਂ ਦਾ ਹਰੇਕ ਲਾਭ ਮਿਲ ਰਿਹਾ ਹੈ।ਪਰ ਪੰਜਾਬ ਤੋਂ ਬਾਹਰ ਦੇ ਰਾਜਾਂ ਵਿਚ ’ਸਿੱਖ’ ਨੂੰ ਜਨਰਲ ਕੈਟਾਗਰੀ ਹੀ ਮੰਨਿਆ ਜਾਂਦਾ ਹੈ।ਮਹਾਰਾਸ਼ਟਰ, ਮੱਧ ਪ੍ਰਦੇਸ਼, ਯੂ.ਪੀ, ਗੁਜਰਾਤ, ਛੱਤੀਸਗੜ੍ਹ, ਆਂਧਰਾ, ਤੇਲੰਗਾਨਾ, ਹਰਿਆਣਾ ਤੇ ਰਾਜਸਥਾਨ ਆਦਿ ਵਿੱਚ ਆਬਾਦ ਸਿਕਲੀਗਰ, ਵਣਜਾਰੇ ਅਤੇ ਗੁਜਰ ਸਿੱਖਾਂ ਨੂੰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼਼੍ਰੇਣੀਆਂ ਅਤੇ ਦਲਿਤ ਵਰਗ ਨਾਲ ਸੰਬੰਧਿਤ ਹੋਣ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ’ਚ ਇਹ ਲੋਕ ਕੇਵਲ ’ਸਿੱਖ’ ਵਜੋਂ ਹੀ ਦਰਜ਼ ਹਨ।ਜਿਸ ਕਾਰਨ ਉਨ੍ਹਾਂ ਨੂੰ ਸਰਕਾਰੀ ਸਕੀਮਾਂ, ਸਰਕਾਰੀ ਸਹੂਲਤਾਂ ਅਤੇ ਨੌਕਰੀਆਂ ਵਿੱਚ ਮਿਲਣ ਵਾਲੇ ਰਿਜ਼ਰਵ ਕੋਟੇ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਜਿਨ੍ਹਾਂ ਵਿੱਚ ਵਿੱਦਿਆ ਪ੍ਰਾਪਤੀ ਲਈ ਬੱਚਿਆਂ ਦੇ ਸਕੂਲ ਦੀਆਂ ਫ਼ੀਸਾਂ ਸਮੇਤ ਵਜ਼ੀਫ਼ੇ ਦਾ ਮਾਮਲਾ ਵੀ ਸ਼ਾਮਲ ਹੈ। ਇਹ ਗ਼ਰੀਬ ਲੋਕ ਹਨ ਅਤੇ ਕਈ ਤਾਂ ਸਕੂਲ ਦੀਆਂ ਫ਼ੀਸਾਂ ਦੇਣ ਤੋਂ ਵੀ ਅਸਮਰੱਥ ਹਨ।
                  ਪੰਜਾਬ ਅਤੇ ਸਿੱਖ ਕੌਮ ਦੇ ਪੰਥਕ ਮਸਲਿਆਂ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਬਾਰੇ ਸੰਜ਼ੀਦਗੀ ਨਾਲ ਲੰਮੀ ਵਿਚਾਰ ਚਰਚਾ ਉਪਰੰਤ ਇਕਬਾਲ ਸਿੰਘ ਲਾਲਪੁਰਾ ਨੇ ਯਕੀਨ ਦੁਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਹਿਤੈਸ਼ੀ ਪਹੁੰਚ ਸਦਕਾ ਸਿੱਖ ਮਸਲਿਆਂ ਨੂੰ ਇਕ ਇਕ ਕਰਕੇ ਸੁਲਝਾ ਲ਼ਿਆ ਜਾਵੇਗਾ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …