Monday, May 27, 2024

ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਦੀ ਸੇਵਾ ਸਮੇਂ ਬਜ਼ੁੱਰਗ ਸ਼ਰਧਾਲੂ ਦੀ ਕੁੱਟਮਾਰ ਕਰਨ ਵਾਲੇ ਦੋ ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਸਮੇਂ ਇਕ ਬਜ਼ੁਰਗ ਸ਼ਰਧਾਲੂ ਨਾਲ ਦੁਰਵਿਹਾਰ (ਕੁੱਟਮਾਰ) ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਨਾਲ ਸਬੰਧਤ ਦੋ ਸੇਵਾਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਗਹਿਰੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ ਹਨ।ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇੱਕ ਸ਼ਰਧਾਲੂ ਪਾਲਕੀ ਸਾਹਿਬ ਦੀ ਸੇਵਾ ਸਮੇਂ ਜੰਗਲਾ ਟੱਪ ਕੇ ਪਾਲਕੀ ਸਾਹਿਬ ਵਾਲੇ ਪਾਸੇ ਰਸਤੇ ’ਚ ਆ ਗਿਆ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ’ਤੇ ਸ਼੍ਰੋਮਣੀ ਕਮੇਟੀ ਨੇ ਮੁੱਢਲੀ ਜਾਂਚ ਦੌਰਾਨ ਉਸ ਸ਼ਰਧਾਲੂ ਨਾਲ ਦੁਰਵਿਹਾਰ ਕਰਨ ਵਾਲੇ ਦੋ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ।ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਭਾਈ ਕੁਲਵਿੰਦਰ ਸਿੰਘ ਸੇਵਾਦਾਰ ਤੇ ਭਾਈ ਇੰਦਰਜੀਤ ਸਿੰਘ ਸੇਵਾਦਾਰ ਸ਼ਾਮਲ ਹਨ।
                  ਉਨ੍ਹਾਂ ਦੱਸਿਆ ਕਿ ਭਾਵੇਂ ਬਜ਼ੁੱਰਗ ਸ਼ਰਧਾਲੂ ਨੇ ਪਾਲਕੀ ਸਾਹਿਬ ਦੀ ਸੇਵਾ ਸਮੇਂ ਨਿਰਧਾਰਤ ਰੋਕਾਂ ਨੂੰ ਜ਼ਬਰੀ ਉਲੰਘ ਕੇ ਪ੍ਰਬੰਧ ਵਿਚ ਦਖ਼ਲ ਦਿੱਤਾ ਅਤੇ ਸੇਵਾਦਾਰਾਂ ਨਾਲ ਬਹਿਸਬਾਜ਼ੀ ਵੀ ਕੀਤੀ, ਪਰ ਫਿਰ ਵੀ ਸ਼ਰਧਾਲੂ ਨੂੰ ਹਟਾਉਣ ਸਮੇਂ ਸੇਵਾਦਾਰਾਂ ਵੱਲੋਂ ਠੀਕ ਵਿਵਹਾਰ ਨਾ ਕਰਨ ਕਰਕੇ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।ਪ੍ਰਤਾਪ ਸਿੰਘ ਨੇ ਕਿਹਾ ਕਿ ਸੰਗਤ ਦਾ ਸਤਿਕਾਰ ਬੇਹੱਦ ਜ਼ਰੂਰੀ ਹੈ।ਭਾਵੇਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਵਿੱਚ ਬਜ਼ੁਰਗ ਸ਼ਰਧਾਲੂ ਸ਼ਰੇਆਮ ਜੰਗਲਾ ਪਾਰ ਕਰਦਾ ਹੈ ਤੇ ਡਿਊਟੀ ’ਤੇ ਹਾਜ਼ਰ ਸੇਵਾਦਾਰਾਂ ਨਾਲ ਬਹਿਸਬਾਜ਼ੀ ਵੀ ਕਰਦਾ ਦਿਖਾਈ ਦਿੰਦਾ ਹੈ, ਪਰੰਤੂ ਫਿਰ ਵੀ ਕਿਸੇ ਸ਼ਰਧਾਲੂ ਨਾਲ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਾਂ ਵਿਚ ਸਹਿਯੋਗ ਦੇਣ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …