Tuesday, April 22, 2025
Breaking News

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਸਹਾਇਤਾ ਕੇਂਦਰ ਸਥਾਪਿਤ

ਦੇਸ਼ ਵਿਦੇਸ਼ ਤੋਂ ਪੁੱਜਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਜਾਣਕਾਰੀ ਦੇਵੇਗਾ ਸਹਾਇਤਾ ਕੇਂਦਰ- ਐਡਵੋਕੇਟ ਧਾਮੀ
ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸਹਾਇਤਾ ਕੇਂਦਰ ਦਾ ਉਦਘਾਟਨ ਅਰਦਾਸ ਉਪਰੰਤ ਕੀਤਾ।ਇਹ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਬਣਾਇਆ ਗਿਆ ਹੈ।ਇਥੇ ਤਾਇਨਾਤ ਕਰਮਚਾਰੀ ਦੇਸ਼ ਵਿਦੇਸ਼ ਤੋਂ ਪੁੱਜਦੀ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੇ ਨਾਲ-ਨਾਲ ਵੱਖ-ਵੱਖ ਅਸਥਾਨਾਂ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਰਿਹਾਇਸ਼ੀ ਨਿਵਾਸਾਂ ਆਦਿ ਬਾਰੇ ਜਾਣਕਾਰੀ ਦੇਣਗੇ।
ਸਹਾਇਤਾ ਕੇਂਦਰ ਦੇ ਉਦਘਾਟਨ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇਥੇ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਨਤਮਸਤਕ ਹੋਣ ਪੁੱਜਦੀ ਹੈ।ਪੰਜਾਬ ਦੇ ਬਾਹਰ ਦੀ ਸੰਗਤ ਨੂੰ ਕਈ ਵਾਰ ਜਾਣਕਾਰੀ ਨਾ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਦੇਖਦਿਆਂ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦਾ ਸੂਚਨਾ ਕੇਂਦਰ ਪਹਿਲਾਂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਸੇਵਾਵਾਂ ਦੇ ਰਿਹਾ ਹੈ, ਪਰ ਸਮੇਂ ਦੀ ਲੋੜ ਅਨੁਸਾਰ ਜਨਤਕ ਥਾਵਾਂ ’ਤੇ ਵੱਖ-ਵੱਖ ਸੂਚਨਾ ਕੇਂਦਰ ਸਥਾਪਿਤ ਕਰਨੇ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਨਵੇਂ ਸਥਾਪਿਤ ਕੀਤੇ ਗਏ ਸਹਾਇਤਾ ਕੇਂਦਰ ’ਚ ਸੇਵਾ ਨਿਭਾਉਣ ਵਾਲੇ ਕਰਮਚਾਰੀ ਸੰਗਤ ਨੂੰ ਜਾਣਕਾਰੀ ਦੇਣਗੇ।ਇਸ ਤੋਂ ਇਲਾਵਾ ਇਥੇ ਧਾਰਮਿਕ ਸਾਹਿਤ ਵੀ ਸੰਗਤ ਲਈ ਉਪਲੱਬਧ ਰਹੇਗਾ, ਜਿਸ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਮਰਯਾਦਾ ਨੂੰ ਦਰਸਾਉਂਦੇ ਕਿਤਾਬਚੇ ਵੀ ਸ਼ਾਮਲ ਹੋਣਗੇ।ਉਨ੍ਹਾਂ ਦੱਸਿਆ ਕਿ ਇਥੋਂ ਦਿੱਤਾ ਜਾਣ ਵਾਲਾ ਧਾਰਮਿਕ ਸਾਹਿਤ ਵੀ ਵੱਖ-ਵੱਖ ਭਾਸ਼ਾਵਾਂ ਵਿਚ ਹੋਵੇਗਾ।ਐਡਵੋਕੇਟ ਧਾਮੀ ਨੇ ਕਿਹਾ ਕਿ ਫਿਲਹਾਲ ਇਕ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ, ਜਦਕਿ ਭਵਿੱਖ ਵਿਚ ਲੰਗਰ ਘਰ ਵਾਲੀ ਬਾਹੀ ’ਤੇ ਵੀ ਇਕ ਹੋਰ ਕੇਂਦਰ ਖੋਲ੍ਹਿਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਬੰਡਾਲਾ, ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਤੇਜਿੰਦਰ ਸਿੰਘ ਪੱਡਾ, ਗੁਰਚਰਨ ਸਿੰਘ ਕੁਹਾਲਾ, ਸਤਨਾਮ ਸਿੰਘ ਮਾਂਗਾਸਰਾਏ, ਕੁਲਦੀਪ ਸਿੰਘ ਰੋਡੇ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਇੰਚਾਰਜ ਸ਼ਾਹਬਾਜ਼ ਸਿੰਘ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਆਦਿ ਮੌਜੂਦ ਸਨ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …