Saturday, December 21, 2024

ਐਡਵੋਕੇਟ ਧਾਮੀ ਵਲੋਂ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ’ਚ ਸਫਰ ਤੋਂ ਰੋਕਣ ਦੀ ਨਿੰਦਾ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਵਿਖੇ ਕਿਰਪਾਨ ਸਮੇਤ ਮੈਟਰੋ ਵਿਚ ਸਫਰ ਕਰਨ ਤੋਂ ਰੋਕਣ ਦੀ ਕਰੜੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਿੱਖ ਕੌਮ ਦੀ ਸਤਕਾਰਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੂੰ ਮੈਟਰੋ ਸਟੇਸ਼ਨ ’ਤੇ ਇਸ ਤਰ੍ਹਾਂ ਰੋਕਣਾ ਬੇਹੱਦ ਮੰਦਭਾਗਾ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਪਣੇ ਹੀ ਦੇਸ਼ ਅੰਦਰ ਧਾਰਮਿਕ ਚਿੰਨ੍ਹ ਪਹਿਨਣ ਤੋਂ ਵਰਜਣਾ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ।ਭਾਰਤ ਦੇ ਸੰਵਿਧਾਨ ਅੰਦਰ ਹਰ ਇਕ ਨੂੰ ਧਾਰਮਿਕ ਅਜ਼ਾਦੀ ਦੇ ਅਧਿਕਾਰ ਪ੍ਰਾਪਤ ਹਨ, ਜਿਸ ਤਹਿਤ ਅੰਮ੍ਰਿਤਧਾਰੀ ਸਿੱਖ ਗਾਤਰੇ ਵਾਲੀ ਛੋਟੀ ਕਿਰਪਾਨ ਤੋਂ ਇਲਾਵਾ ਆਪਣੇ ਨਾਲ ਵੱਡੀ ਕਿਰਪਾਨ ਵੀ ਰੱਖ ਸਕਦੇ ਹਨ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਆਪਣੇ ਰੁਤਬੇ ਅਨੁਸਾਰ ਗੁਰੂ ਬਖਸ਼ਿਸ਼ ਸ਼ਸਤਰ ਕਿਰਪਾਨ ਨੂੰ ਆਪਣੇ ਅੰਗ-ਸੰਗ ਰੱਖਦੇ ਹਨ, ਪਰੰਤੂ ਉਨ੍ਹਾਂ ਨੂੰ ਦੁਆਰਕਾ ਦੇ ਮੈਟਰੋ ਸਟੇਸ਼ਨ ’ਤੇ ਰੋਕਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਹਮਲਾ ਹੈ।ਐਡਵੋਕੇਟ ਧਾਮੀ ਨੇ ਇਸ ਘਟਨਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਅੰਦਰ ਵੱਸਦੇ ਹਰ ਧਰਮ ਦੇ ਲੋਕਾਂ ਦੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਲਈ ਸਪੱਸ਼ਟ ਹਦਾਇਤਾਂ ਜਾਰੀ ਕਰਨੀਆਂ ਚਾਹਦੀਆਂ ਹਨ ਤਾਂ ਜੋ ਭਵਿੱਖ ਅੰਦਰ ਅਜਿਹਾ ਨਾ ਵਾਪਰੇ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …