Saturday, May 31, 2025
Breaking News

ਪੁਲਿਸ ਵੱਲੋਂ ਅਬੋਹਰ, ਮਲੋਟ, ਗਿੱਦੜਬਾਹਾ, ਬਠਿੰਡਾ ‘ਚ ਲੁੱਟ ਖੋਹ ਤੇ ਚੋਰੀਆਂ ਕਰਨ ਵਾਲੇ ਤਿੰਨ ਗਰੋਹ ਕਾਬੂ -ਐੱਸ.ਐੱਸ.ਪੀ ਅਬੋਹਰ

ਤਿੰਨ ਗਰੋਹ ਦੇ 7 ਮੈਂਬਰ ਕਾਬੂ 2 ਗਰੋਹਾਂ ਦਾ ਇੱਕ-ਇੱਕ ਮੈਂਬਰ ਫ਼ਰਾਰ

PPN0712201409
ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) -ਅਬੋਹਰ ਪੁਲਿਸ ਵੱਲੋਂ ਅਬੋਹਰ, ਮਲੋਟ, ਗਿੱਦੜਬਾਹਾ ਤੇ ਬਠਿੰਡਾ ਸਮੇਤ ਨੇੜਲੇ ਇਲਾਕਿਆਂ ‘ਚ ਲੁੱਟ ਖੋਹ ਤੇ ਚੋਰੀਆਂ ਆਦਿ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਗਰੋਹਾਂ ਦੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ।ਜਦ ਕਿ ਦੋ ਗਰੋਹਾਂ ਦਾ ਇੱਕ-ਇੱਕ ਮੈਂਬਰ ਹਾਲੇ ਵੀ ਫ਼ਰਾਰ ਹੈ।ਸਥਾਨਕ ਐੱਸ.ਪੀ. ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸਥਾਨਕ ਐੱਸ.ਪੀ. ਹਰਜੀਤ ਸਿੰਘ, ਡੀ.ਐੱਸ.ਪੀ. ਜਗਦੀਸ਼ ਬਿਸ਼ਨੋਈ ਦੀ ਅਗਵਾਈ ਹੇਠ ਸਥਾਨਕ ਨਗਰ ਥਾਣਾ ਇੱਕ ਦੇ ਮੁਖੀ ਬਲਕਾਰ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਸੁਨੀਲ ਕੁਮਾਰ ਉਰਫ਼ ਜੱਗੂ ਪੁੱਤਰ ਮਹਿੰਦਰ ਸਿੰਘ ਵਾਸੀ ਮਲੋਟ, ਵਿਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਹਾਵੀਰ ਨਗਰ ਮਲੋਟ ਤੇ ਕਾਲੂ ਪੁੱਤਰ ਰਾਜ ਕੁਮਾਰ  ਵਾਸੀ ਠਾਕਰ ਆਬਾਦੀ ਅਬੋਹਰ ਦੇ ਤਿੰਨ ਮੈਂਬਰੀ ਗਰੋਹਾਂ ਨੂੰ ਕਾਬੂ ਕਰ ਇਹਨਾਂ ਪਾਸੋਂ ਚੋਰੀ ਦੇ ਮੋਬਾਈਲ ਤੇ ਦੋ ਕਾਪੇ ਵਰਗੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਇਸੇ ਥਾਣੇ ਦੇ ਹੀ ਪੁਲਿਸ ਵੱਲੋਂ ਗੱਗੀ ਉਰਫ਼ ਮਲਕੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸੀਡ ਫਾਰਮ ਅਬੋਹਰ, ਨਰੇਸ਼ ਕੁਮਾਰ ਪੁੱਤਰ ਅਮਰਨਾਥ  ਵਾਸੀ ਹਨੂੰਮਾਨ ਮੰਦਰ ਰੋਡ ਮਲੋਟ ਦੇ ਗਰੋਹ ਨੂੰ ਵੀ ਚੋਰੀ ਦੇ ਮੋਬਾਈਲਾਂ ਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਗਿਆ ਹੈ। ਜਦ ਕਿ ਇਹਨਾਂ ਦਾ ਤੀਜਾ ਸਾਥੀ ਚਾਂਦ ਖ਼ਾਨ ਵਾਸੀ ਅਬੋਹਰ ਹਾਲੇ ਫ਼ਰਾਰ ਹੈ।
ਐੱਸ.ਐੱਸ.ਪੀ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਦੋਵਾਂ ਗਰੋਹਾਂ ਦੇ ਮੈਂਬਰ ਉਕਤ ਸ਼ਹਿਰਾਂ ਵਿਚ ਹੀ ਸੋਨੇ ਦੀਆਂ ਚੈਨਾਂ ਖੋਹਣ, ਸੋਨੇ ਦੀਆਂ ਵਾਲੀਆਂ ਝਪਟਣ ਤੇ ਮੋਬਾਈਲ ਆਦਿ ਖੋਹਣ ਦੀਆਂ ਕਥਿਤ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਪਾਸੋਂ ਚੋਰੀ ਦੇ 80 ਮੋਬਾਈਲ ਤੇ ਦੋ ਤੇਜ਼ਧਾਰ ਕਾਪੇ ਬਰਾਮਦ ਕੀਤੇ ਗਏ ਹਨ। ਸੁਨੀਲ ਕੁਮਾਰ ਦਾ ਮੋਟਰਸਾਈਕਲ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਹ ਗਰੋਹ ਬੀਤੇ ਢਾਈ ਤਿੰਨ ਸਾਲ ਤੋਂ ਉਕਤ ਸ਼ਹਿਰਾਂ ਵਿਚ ਸਰਗਰਮ ਸੀ ਤੇ ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਸ਼ਹਿਰਾਂ ਵਿਚ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਇਸ ਤੋਂ ਇਲਾਵਾ ਅਬੋਹਰ ਦੇ ਨਗਰ ਥਾਣਾ ਦੋ ਦੀ ਪੁਲਿਸ ਵੱਲੋਂ ਬੱਬਲੂ ਪੁੱਤਰ ਮਾੜੂ ਰਾਮ ਪਿੰਡ 7 ਕੇ.ਐਨ.ਡੀ. ਥਾਣਾ ਰਾਵਲਾ ਜ਼ਿਲ੍ਹਾ ਗੰਗਾਨਗਰ (ਰਾਜਸਥਾਨ), ਨੀਟਾ ਪੁੱਤਰ ਦੇਵਾ ਰਾਮ ਵਾਸੀ ਸੂਰਜਾਂ ਪੁਰੀ ਫ਼ੈਕਟਰੀ ਰੋਡ ਕੋਟਕਪੂਰਾ ਦੇ ਗਰੋਹ ਨੂੰ ਵੀ ਲੁੱਟ ਖੋਹ ਦੇ ਗਹਿਣਿਆਂ, ਨਗਦੀ ਤੇ ਸੇਫ਼ ਆਦਿ ਤੋੜਨ ਵਾਲੇ ਔਜ਼ਾਰਾਂ ਸਮੇਤ ਕਾਬੂ ਕੀਤਾ ਗਿਆ ਹੈ। ਜਦ ਕਿ ਇਸ ਤਿੰਨ ਮੈਂਬਰੀ ਗਰੋਹ ਦਾ ਤੀਜਾ ਮੈਂਬਰ ਰਾਜੂ ਸਾਹਸੀ ਪੁੱਤਰ ਨਾਮਾਲੂਮ ਵਾਸੀ ਰਾਵਲਾ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਹਾਲੇ ਫ਼ਰਾਰ ਹੈ। ਇਸ ਗਰੋਹ ਦੇ ਮੈਂਬਰ ਰੇਲ ਗੱਡੀ ਰਾਹੀਂ ਆਉਂਦੇ ਜਾਂਦੇ ਸਨ। ਤੇ ਇਹ ਗਰੋਹ ਰੇਲਵੇ ਸਟੇਸ਼ਨਾਂ ‘ਤੇ ਪਰਸ (ਬਟੂਏ) ਚੁਰਾਉਣ ਦੀਆਂ ਵਾਰਦਾਤਾਂ ਨੂੰ ਤੇ ਰਾਤ ਸਮੇਂ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਗਰੋਹ ਪਾਸੋਂ 250 ਗਰਾਮ ਗਹਿਣੇ, 200 ਰੁਪਏ ਦੇ ਸਿੱਕੇ ਤੇ ਸੇਫ਼ ਤੋੜਨ ਵਾਲੇ ਔਜ਼ਾਰ ਬਰਾਮਦ ਕੀਤੇ ਗਏ।ਉਕਤ ਤਿੰਨਾਂ ਗਰੋਹਾਂ ਖ਼ਿਲਾਫ਼ ਸਥਾਨਕ ਨਗਰ ਥਾਣਾ ਇੱਕ ਤੇ ਦੋ ਵਿਚ ਮੁਕੱਦਮੇ ਦਰਜ ਕਰ ਲਾਏ ਗਏ ਹਨ ਤੇ ਹੋਰ ਬਰਾਮਦਗੀ ਲਈ ਪੁੱਛਗਿੱਛ ਜਾਰੀ ਹੈ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …

Leave a Reply