400 ਮੀਟਰ ਰੇਸ ਵਿਚ ਸੋਨ ਅਤੇ 200 ਮੀਟਰ ਵਿੱਚ ਚਾਂਦੀ ਦੇ ਜਿੱਤੇ ਤਮਗੇ
ਸ਼ਮਰਾਲਾ, 11 ਅਕਤੂਬਰ (ਇੰਦਰਜੀਤ ਸਿੰਘ ਕੰਗ) – ਮਾਸਟਰ ਐਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ 44ਵੀਂ ਮਾਸਟਰ ਐਥਲੈਟਿਕਸ ਚੈਪੀਅਨਸ਼ਿਪ-2022 ਵਿੱਚ 35+ ਤੋਂ ਲੈ ਕੇ 85+ ਸਾਲ ਤੱਕ ਦੇ ਵੱਖ ਵੱਖ ਉਮਰ ਵਰਗ ਦੇ ਕਰੀਬ 450 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਸਮਰਾਲਾ ਇਲਾਕੇ ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਵੱਖ ਵੱਖ ਈਵੈਂਟਾਂ ਵਿੱਚ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਹਰਭਜਨ ਸਿੰਘ ਮਾਦਪੁਰ (75 ਸਾਲ) ਜੋ ਪਿਛਲੇ 12 ਸਾਲਾਂ ਤੋਂ ਲਗਾਤਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਹਮੇਸ਼ਾਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਹਾਸਲ ਕਰਕੇ ਸਮਰਾਲਾ ਇਲਾਕੇ ਦਾ ਨਾਂ ਚਮਕਾਉਂਦੇ ਹਨ, ਨੇ ਇਸ ਵਾਰ ਫਿਰ ਆਪਣੀ ਚੜ੍ਹਤ ਬਰਕਰਾਰ ਰੱਖਦੇ ਹੋਏ 70+ ਸਾਲ ਦੀ ਉਮਰ ਦੇ ਵਰਗ ਵਿੱਚ 400 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ 200 ਮੀਟਰ ਵਿੱਚ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ।ਇਸੇ ਤਰ੍ਹਾਂ ਮੋਹਣ ਸਿੰਘ ਭੈਣੀ ਸਾਹਿਬ ਨੇ ਵੀ 70+ ਉਮਰ ਵਰਗ ਵਿੱਚ 200 ਮੀਟਰ ਰੇਸ ਵਿੱਚ ਤੀਜ਼ਾ ਸਥਾਨ ਅਤੇ ਲਾਂਗ ਜੰਪ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਮਰਾਲਾ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।ਦੋਵੇਂ ਖਿਡਾਰੀਆਂ ਨੇ ਕਿਹਾ ਕਿ ਹੁਣ ਨੈਸ਼ਨਲ ਮੀਟ ਜੋ ਫਰਵਰੀ 2023 ਵਿੱਚ ਪੰਚਕੂਲਾ (ਹਰਿਆਣਾ) ਵਿਖੇ ਹੋਣੀ ਹੈ, ਉਸ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣਗੇ।ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਸਾਹਿਤਕ ਜਥੇਬੰਦੀਆਂ ਨੇ ਮੁਬਾਰਕਾਂ ਦਿੱਤੀਆਂ।