Tuesday, April 14, 2026

ਯੂਨੀਵਰਸਿਟੀ ਅਤੇ ਕੰਵਰ ਸੁਰਜੀਤ ਸਿੰਘ ਇੰਸਟੀਚਿਊਟ ਵਿਚਾਲੇ ਸਮਝੌਤਾ

ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਦਰਪੇਸ਼ ਚੁਣੌਤੀਆਂ ਤੇ ਮੁਸ਼ਕਲਾਂ ਅਤੇ ਸਥਾਈ ਵਿਕਾਸ ਲਈ ਖੋਜ, ਸਿਖਲਾਈ ਅਤੇ ਹੋਰ ਉਸਾਰੀ ਗਤੀਵਿਧੀਆਂ ਕਰਨ ਹਿਤ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਅਤੇ ਕੰਵਰ ਸੁਰਜੀਤ ਸਿੰਘ ਇੰਸਟੀਚਿਊਟ ਫਾਰ ਸਪੇਸ਼ੀਅਲ ਪਲੈਨਿੰਗ ਐਂਡ ਇਨਵਾਇਰਮੈਂਟ ਰਿਸਰਚ, ਪੰਚਕੁਲਾ, ਹਰਿਆਣਾ ਨਾਲ ਅਹਿਮ ਸਮਝੌਤਾ ਸਿਰੇ ਚੜ੍ਹਿਆ ਹੈ।
ਸਮਝੌਤੇ ਦੇ ਵਿਸਥਾਰ ਵਿਚ ਦੋਵਾਂ ਸੰਸਥਾਵਾਂ ਦਾ ਆਪਸੀ ਸਹਿਯੋਗ ਸ਼ਾਮਿਲ ਹੈ ਜਿਸ ਵਿਚ ਦੋਵੇਂ ਸੰਸਥਾਵਾਂ ਸੰਯੁਕਤ ਰਾਸ਼ਟਰਾਂ ਦੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਖੋਜ, ਵਰਕਸ਼ਾਪ, ਸੈਮੀਨਾਰ, ਕਾਨਫਰੰਸ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਹੈ।
ਯੂਨੀਵਰਸਿਟੀ ਦੀ ਸਿੰਡੀਕੇਟ ਨੇ ਕੰਵਰ ਸੁਰਜੀਤ ਸਿੰਘ ਇੰਸਟੀਚਿਊਟ ਫਾਰ ਸਪੇਸ਼ੀਅਲ ਪਲੈਨਿੰਗ ਐਂਡ ਇਨਵਾਇਰਮੈਂਟ ਰਿਸਰਚ, ਪੰਚਕੂਲਾ, ਹਰਿਆਣਾ ਦੀ ਬੇਨਤੀ ਨੂੰ ਸਵਿਕਾਰਦਿਆਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਪੰਚਕੁਲਾ, ਹਰਿਆਣਾ ਤੋਂ ਚੀਫ ਟਾਊਨ ਪਲੈਨਰ ਮਰਹੂਮ ਕੰਵਰ ਸੁਰਜੀਤ ਸਿੰਘ ਦੀ ਯਾਦ ਵਿੱਚ ਇੱਕ ਗੋਲਡ ਮੈਡਲ ਸਥਾਪਤ ਕਰਨ ਲਈ ਵੀ ਮਨਜ਼ੂਰੀ ਦੇ ਦਿੱਤੀ ਹੈ।ਇਸ ਅਧੀਨ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਮਾਸਟਰ ਆਫ ਪਲੈਨਿੰਗ (ਟਰਾਂਸਪੋਰਟ) ਪ੍ਰੋਗਰਾਮ ਦੇ ਟਾਪਰ ਨੂੰ ਮੈਡਲ ਦਿੱਤਾ ਜਾਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੰਵਰ ਸੁਰਜੀਤ ਸਿੰਘ ਇੰਸਟੀਚਿਊਟ ਫਾਰ ਸਪੇਸ਼ੀਅਲ ਪਲੈਨਿੰਗ ਐਂਡ ਇਨਵਾਇਰਮੈਂਟ ਰਿਸਰਚ, ਪੰਚਕੁਲਾ, ਹਰਿਆਣਾ ਦੇ ਆਪਸੀ ਸਮਝੌਤੇ ਵਿਚ ਸੈਂਟਰ ਆਫ਼ ਐਕਸੀਲੈਂਸ (ਸ਼ਹਿਰੀ ਯੋਜਨਾ ਅਤੇ ਡਿਜ਼ਾਈਨ) ਦੀ ਸਥਾਪਨਾ ਵੀ ਸ਼ਾਮਿਲ ਹੈ ਜੋ ਕਿ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸਪਾਂਸਰ ਕੀਤਾ ਜਾਵੇਗਾ।
ਪ੍ਰੋ. ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਨੇ ਦੋਵਾਂ ਸੰਸਥਾਵਾਂ ਨੂੰ ਵਧਾਈ ਦਿੱਤੀ ਅਤੇ ਮਨੁੱਖੀ ਰਹਿਣ-ਸਹਿਣ ਵਿੱਚ ਮਿਆਰੀ ਦਿਸ਼ਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨ ਲਈ ਧੰਨਵਾਦ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤੋਂ ਪੂਰੀ ਆਸ ਕੀਤੀ ਜਾਂਦੀ ਹੈ ਕਿ ਇਹ ਸਮਝੌਤਾ ਯੂਨੀਵਰਸਿਟੀ ਦੇ ਫੈਕਲਟੀ, ਖੋਜ਼ਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਨਵੇਂ ਗਿਆਨ, ਤਕਨਾਲੋਜੀ ਅਤੇ ਨਿਰਮਿਤ ਰਿਹਾਇਸ਼ਾਂ ਦੀ ਸਥਿਰਤਾ ਸੰਬੰਧੀ ਚਿੰਤਨ ਦੇ ਮੌਕੇ ਪ੍ਰਦਾਨ ਕਰੇਗਾ।
ਇਸ ਮੌਕੇ ਪ੍ਰੋ. ਐਸ.ਐਸ ਬਹਿਲ, ਡੀਨ ਅਕਾਦਮਿਕ ਮਾਮਲੇ, ਜਸਵੰਤ ਸਿੰਘ, ਸਕੱਤਰ ਜਨਰਲ, ਕੇ.ਐਸ.ਐਸ.-ਆਈ.ਐਸ.ਪੀ.ਆਰ, ਮਰਹੂਮ ਕੰਵਰ ਸੁਰਜੀਤ ਸਿੰਘ ਦੀ ਪਤਨੀ ਸ੍ਰੀਮਤੀ ਹਰਜਿੰਦਰ ਕੌਰ, ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਪ੍ਰੋ. ਅਸ਼ਵਨੀ ਲੂਥਰਾ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …