ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੈਚਾਂ ਸਬੰਧੀ ਹੋਈ ਮੀਟਿੰਗ
ਅੰਮ੍ਰਿਤਸਰ/ਚੌਕ ਮਹਿਤਾ, 8 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ 17 ਦਸੰਬਰ ਨੂੰ ਹੋਣ ਵਾਲੇ ਵਿਸ਼ਵ ਕੱਬਡੀ ਮੈਚ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸੇ ਮਕਸਦ ਨਾਲ ਅੱਜ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਸ਼ਹੀਦ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਡੀਅਮ ਮਹਿਤਾ ਨੰਗਲ ਵਿਖੇ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਸ਼ਹੀਦ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਡੀਅਮ ਮਹਿਤਾ ਨੰਗਲ ਵਿਖੇ ਕੀਤੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਇਹ ਮੈਚ ਦਿਨ ਨੂੰ ਕਰਵਾਏ ਜਾਣਗੇ ਅਤੇ ਤਿੰਨ ਮੈਚ 6 ਦੇਸ਼ਾਂ ਦੀਆਂ ਟੀਮਾਂ ਵਿਚਕਾਰ ਖੇਡੇ ਜਾਣਗੇ। ਵਿਸ਼ਵ ਕਬੱਡੀ ਕੱਪ ਦੇ ਮੈਚਾਂ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਦਿਆਂ ਉਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਵਿਸ਼ਵ ਕਬੱਡੀ ਮੈਚ ਦੇ ਪ੍ਰਬੰਧਾਂ ਵਿਚ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਬੱਡੀ ਲਈ ਮੈਦਾਨ ਤਿਆਰ ਕਰਨ, ਸਟੇਡੀਅਮ ਦੀ ਸਫ਼ਾਈ, ਗੱਡੀਆਂ ਦੀ ਪਾਰਕਿੰਗ, ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਜਰੂਰਤਾਂ ਦਾ ਜਾਇਜ਼ਾ ਲਿਆ ਅਤੇ ਉਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਜਲਦ ਤੋਂ ਜਲਦ ਨੇਪਰੇ ਚਾੜੇ ਜਾਣ। ਉਨਾਂ ਅੱਗੇ ਕਿਹਾ ਕਿ ਇਨ੍ਹਾਂ ਮੈਚਾਂ ਨੂੰ ਦੇਖਣ ਲਈ ਲੋਕਾਂ ਵਿਚ ਭਾਰੀ ਉਤਸਾਹ ਹੈ ਅਤੇ ਖੇਡ ਪ੍ਰੇਮੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਬੈਠਣ ਲਈ ਵਿਆਪਕ ਪੱਧਰ ਤੇ ਸੁਚਾਰੂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁੰਮਹੁੰਮਾ ਕੇ ਮੈਚਾਂ ਦਾ ਆਨੰਦ ਮਾਨਣ ਲਈ ਪਹੁੰਚਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਬੀਰ ਸਿੰਘ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ। ਸ੍ਰੀ ਵਿਮਲ ਸੇਤੀਆ ਐਸ.ਡੀ. ਐਮ ਬਾਬਾ ਬਕਾਲਾ, ਮੈਡਮ ਪੂਨਮ ਸਹਾਇਕ ਕਮਿਸ਼ਨਰ, ਸ੍ਰੀਮਤੀ ਹਰਪਾਲਜੀਤ ਕੌਰ ਜ਼ਿਲ੍ਹਾ ਖੇਡ ਅਫਸਰ,ਸ੍ਰੀ ਐਸ.ਐਸ.ਸੋਢੀ ਐਕਸੀਅਨ ਮੰਡੀ ਬੋਰਡ,ਸ੍ਰੀ ਸਤੀਸ਼ ਕੁਮਾਰ ਡਿਪਟੀ ਡੀ.ਈ.ਓ,ਸ੍ਰੀ ਸੁਖਪਾਲ ਸਿੰਘ, ਸ੍ਰੀ ਬਾਠ ਡੀ.ਐਫ.ਐਸ.ਓ, ਸ੍ਰੀ ਜਸਦੀਪ ਸਿੰਘ,ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਪੁਲਿਸ ਅਧਿਕਾਰੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।