ਜੇਲ ਮੰਤਰੀ ਨੇ ਅਚਨਚੇਤ ਮਾਰਿਆ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਛਾਪਾ
ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਅਚਨਚੇਤ ਛਾਪਾ ਮਾਰ ਕੇ ਜਿਥੇ ਜੇਲ੍ਹ ਪ੍ਰਬੰਧਨ ਦੀ ਸਮੀਖਿਆ ਕੀਤੀ, ਉਥੇ ਕੈਦੀਆਂ ਨਾਲ ਗੱਲਬਾਤ ਕਰਕੇ ਜੇਲ੍ਹ ਵਿੱਚ ਕੀਤੇ ਜਾਂਦੇ ਵਿਵਹਾਰ ਦੇ ਵੇਰਵੇ ਲਏ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਜੇਲ ਮੰਤਰੀ ਬਣਨ ਦੇ 6 ਮਹੀਨਿਆਂ ਦੌਰਾਨ ਜੇਲ੍ਹ ਸੁਧਾਰ ਲਈ ਕੀਤੇ ਗਏ ਯਤਨਾਂ ਸਦਕਾ ਹੁਣ ਤੱਕ 3600 ਦੇ ਕਰੀਬ ਮੋਬਾਈਲ ਫੋਨ ਜੇਲ੍ਹਾਂ ਵਿਚੋਂ ਬਰਾਮਦ ਕੀਤੇ ਜਾ ਚੁੱਕੇ ਹਨ।ਉਨ੍ਹਾਂ ਅੱਜ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਕੰਧ ਤੋਂ ਪਾਰ ਸੁੱਟੇ ਗਏ ਲਿਫਾਫੇ ਵਿਖਾਉਂਦੇ ਦੱਸਿਆ ਕਿ ਇਸ ਤਰ੍ਹਾਂ ਜੇਲ੍ਹ ਵਿੱਚ ਮੋਬਾਈਲ ਅਤੇ ਨਸ਼ਾ ਭੇਜਿਆ ਜਾ ਰਿਹਾ ਹੈ।ਅਸੀਂ ਛੇਤੀ ਹੀ ਜੇਲਾਂ ਵਿੱਚ ਆਰ.ਐਫ ਤਕਨਾਲੋਜੀ, ਜੋ ਕਿ ਮੋਬਾਈਲ ਨੈਟਵਰਕ ਜ਼ਾਮ ਕਰਨ ਵਾਲੀ ਦੁਨੀਆਂ ਦੀ ਅਤਿ ਆਧੁਨਿਕ ਤਕਨੀਕ ਹੈ, ਦੀ ਵਰਤੋਂ ਕਰਨ ਜਾ ਰਹੇ ਹਾਂ, ਜਿਸ ਨਾਲ ਜੇਲ੍ਹ ਵਿਚੋਂ ਮੋਬਾਈਲ ਦੀ ਵਰਤੋਂ ਪੂਰਨ ਰੂਪ ਵਿੱਚ ਬੰਦ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਤਕਨੀਕ ਵਰਤਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਜੇਲ੍ਹ ਵਿਚ ਬਾਡੀ ਸਕੈਨਰ ਨਾਲ ਕੈਦੀਆਂ ਦੀ ਤਲਾਸ਼ੀ ਸ਼ੁਰੂ ਹੋ ਜਾਵੇਗੀ ਅਤੇ ਅਤਿ ਸੁਰੱਖਿਅਤ ਸੈਲ ਜਿਥੇ ਗੈਂਗਸਟਰ ਕੈਦ ਹਨ, ਦੇ ਹਿੱਸੇ ਉਪਰ ਲੋਹੇ ਦੀ ਜਾਲੀ ਲਗਾਈ ਜਾਵੇਗੀ, ਤਾਂ ਜੋ ਕੋਈ ਮੋਬਾਈਲ ਜਾਂ ਹੋਰ ਸਮਾਨ ਬਾਹਰੋਂ ਨਾ ਆ ਸਕੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੈਂਗਸਟਰਾਂ ਦੀ ਰੋਜ਼ਾਨਾ ਦੋ ਵਾਰ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਲੈਣ ਵਾਲੀ ਟੀਮ ਨੂੰ ਵੀ ਲਗਾਤਾਰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਅਨੁਸਾਰ ਨਿਕਟ ਭਵਿਖ ਵਿੱਚ ਪੰਜਾਬ ਦੀਆਂ ਜੇਲ੍ਹਾਂ ਮੋਬਾਈਲ ਅਤੇ ਨਸ਼ਾ ਮੁਕਤ ਹੋਣਗੀਆਂ।
ਬੈਂਸ ਨੇ ਦੱਸਿਆ ਕਿ ਸਾਡੇ ਵਲੋਂ ਹਰੇਕ ਜੇਲ ਦੇ ਕਰਵਾਏ ਸਰਵੇਖਣ ਅਨੁਸਾਰ 33000 ਦੇ ਕਰੀਬ ਕੈਦੀਆਂ ਵਿਚੋਂ 46 ਫੀਸਦੀ ਨਸ਼ੇ ਦੇ ਆਦੀ ਹਨ, ਜਿੰਨਾਂ ਵਿਚੋਂ ਸਵੈ ਇੱਛਾ ਨਾਲ ਨਸ਼ਾ ਛੱਡਣ ਦੇ ਚਾਹਵਾਨਾਂ ਦੀ ਗਿਣਤੀ ਭਾਵੇਂ ਨਾਂਹ ਦੇ ਬਰਾਬਰ ਹੈ, ਪਰ ਅਸੀਂ ਇਸ ਕੰਮ ਨੂੰ ਮਿਸ਼ਨ ਵਜੋਂ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਚੰਗੇ ਆਚਰਣ ਵਾਲੇ ਕੈਦੀਆਂ ਨੂੰ ਪਰਿਵਾਰਕ ਮਿਲਣੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਕੈਦੀਆਂ ਨੂੰ ਹੁਨਰਮੰਦ ਅਤੇ ਸਿਹਤਮੰਦ ਬਣਾ ਕੇ ਘਰਾਂ ਨੂੰ ਭੇਜਣ ਦੀ ਕੋਸ਼ਿਸ਼ ਸਦਕਾ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਸਾਰੇ ਕੈਦੀ ਜੇਲ੍ਹ ਨੂੰ ਰੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਹੁਣ ਸਾਡੀਆਂ ਜੇਲ੍ਹਾਂ ਵਿੱਚ ਮੁਖਤਾਰ ਅੰਸਾਰੀ ਵਰਗੇ ਅਪਰਾਧੀ ਲੋਕ ਆਪਣੀ ਤਾਕਤ ਨਾਲ ਐਸ਼ ਨਹੀਂ ਕਰ ਸਕਦੇ, ਬਲਕਿ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।ਜੇਲ ਸੁਧਾਰ ਵਿਚ ਅੜਿੱਕਾ ਬਣਨ ਵਾਲੇ ਚਾਹੇ ਸਾਡਾ ਅਧਿਕਾਰੀ ਹੋਵੇ, ਰਾਜਸੀ ਵਿਅਕਤੀ ਹੋਵੇ ਜਾਂ ਸਾਡੇ ਕੋਈ ਹੋਰ ਮੁਲਾਜ਼ਮ, ਨੂੰ ਬਖਸ਼ਿਆ ਨਹੀਂ ਜਾਵੇਗਾ।ਬੈਂਸ ਨੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਅਤੇ ਹੋਰ ਅਪਰਾਧੀ ਬਿਰਤੀ ਵਾਲੇ ਲੋਕਾਂ ਨੂੰ ਸਾਂਭਣ ਲਈ ਜੇਲ ਸਟਾਫ ਵਲੋਂ ਦਿੱਤੀ ਜਾ ਰਹੀ ਡਿਊਟੀ ਦੀ ਸਰਾਹਨਾ ਕਰਦੇ ਚੰਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਿੱਠ ਥਾਪੜੀ ਉਨ੍ਹਾਂ ਦੱਸਿਆ ਕਿ ਸਟਾਫ ਦੀ ਕਮੀ ਪੂਰੀ ਕਰਨ ਲਈ 800 ਜੇਲ ਵਾਰਡਨ ਦੀ ਸਿਖਲਾਈ ਚੱਲ ਰਹੀ ਹੈ ਅਤੇ 800 ਹੋਰ ਵਾਰਡਨ ਦੀ ਭਰਤੀ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਮੌਕੇ ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਜੈਦੀਪ ਸਿੰਘ ਤੇ ਰਾਜਾ ਨਵਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।