
ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਸਥਾਨਕ ਮਾਰਕੀਟ ਕਮੇਟੀ ਅੰੰਮ੍ਰਿਤਸਰ ਦੇ ਦਫਤਰ ਵਿਖੇ ਮਾਰਕੀਟ ਕਮੇਟੀ ਦੇ ਸਕੱਤਰ ਰਮਨਦੀਪ ਸਿੰਘ ਦੀ ਰਹਿਨੁਮਾਈ ਵਿਚ ਚੌਧਰੀ ਚਰਨ ਸਿੰਘ ਨੈਸ਼ਨਲ ਇੰਸਚਿਊਟ ਆਫ ਐਗਰੀਕਲਚਰ ਮਾਰਕੀਟਿੰਗ ਜੈਪੁਰ ਰਾਜਸਥਾਨ ਵੱਲੋਂ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਾਮਨ ਦੇ ਤੌਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਮੰਡੀ ਅਫਸਰ ਸੁਖਬੀਰ ਸਿੰਘ ਸੋਢੀ ਸ਼ਾਮਿਲ ਹੋਏ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਡਾਇਰੈਕਟਰ (ਨਿਆਮ) ਐਸ.ਆਰ ਸਿੰਘ ਨੇ ਵੱਡੀ ਸੰਖਿਆ ਵਿਚ ਪਹੁੰਚੇ ਅਗਾਂਹਵਧੂ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ, ਗੁਣਵਨਤਾ ਵਿਚ ਵਾਧਾ, ਆਮਦਨੀ ਵਧਾਉਣ, ਫਸਲੀ ਚੱਕਰ ਬਾਰੇ, ਉਤਪਾਦਨ ਵਧਾਉਣ, ਸੋਸ਼ਨ ਤੋਂ ਬਚਾਉਣ ਅਤੇ ਮਾਰਕੀਟਿੰਗ ਦੇ ਕਈ ਗੁਣਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਆੜਤੀਆਂ ਤੇ ਕਿਸਾਨਾਂ ਦਾ ਨਹੂੰ ਮਾਸ ਦਾ ਰਿਸ਼ਤਾ ਹੈ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੰਧ ਹੈ।ਇਸ ਮੌਕੇ ਸੁਖਬੀਰ ਸਿੰਘ ਸੋਢੀ ਅਤੇ ਰਮਨਦੀਪ ਸਿੰਘ ਨੇ ਐਸ.ਆਰ. ਸਿੰਘ ਨੂੰ ਜੀ ਆਇਆ ਆਖਦਿਆਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੰਡੀ ਬੋਰਡ ਕਿਸਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਇਹੋ ਜਿਹੇ ਪ੍ਰੋਗਰਾਮ ਕਰਵਾਉਂਦੀ ਰਹੇਗੀ। ਸਮਾਗਮ ਵਿਚ ਦਾਨਾ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬਹਿਲ, ਕੁਲਦੀਪ ਸਿੰਘ ਭੁੱਲਰ ਸੀਨੀਅਰ ਅਸਿਸਟੈਂਟ ਅਤੇ ਮੈਡਮ ਦਰਸ਼ਨਾ, ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਪਰਮਜੀਤ ਸਿੰਘ ਆਦਿ ਨੇ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਈ ਅਹਿਮ ਮੁੱਦਿਆਂ ਤੇ ਰੋਸ਼ਨੀ ਪਾਈ।