ਹਿੰਦੂ ਭਾਈਚਾਰਾ ਅੱਜ ਵੀ ਖਾੜਕੂ ‘ਤੂਫ਼ਾਨ’ ਨੂੰ ਮਸੀਹਾ ਮੰਨਦੇ ਨੇ- ਖੋਜ ਕਰਤਾ ਕੋਟਭਾਰਾ, ਹਾਂਸ
ਸਿੱਖ ਸੰਘਰਸ਼ ਤੇ ਭਾਈ ਤੂਫ਼ਾਨ ਦੀ ਕੁਰਬਾਨੀ ਅਧਾਰਤ ਬਣੇਗੀ ਫ਼ਿਲਮ-ਡਾਇਰੈਕਟਰ ਬਘੇਲ ਸਿੰਘ

ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਪੰਜਾਬ ਵਿੱਚ ਛਾਈ ਰਹੀ ਸੰਗੀਨਾਂ ਦੀ ਰੁੱਤ ਵਿੱਚ ਖੌਫ ਦੇ ਸਾਏ ਹੇਠ ਜਿਉਂ ਰਹੇ ਹਿੰਦੂ ਪਰਿਵਾਰਾਂ ਦੀ ਢਾਲ ਬਣਨ ਵਾਲੇ ਖਾੜਕੂ ਸਿੱਖ ਭਾਈ ਜੁਗਰਾਜ ਸਿੰਘ ਤੂਫਾਨ ਦੇ ਹਿੰਦੂ-ਸਿੱਖ ਭਾਈਚਾਰੇ ਲਈ ਡਟਣ ਵਾਲੇ ਪੱਖ ਤੋਂ ਪ੍ਰੇਰਨਾ ਲੈ ਕੇ ‘ਤੂਫਾਨ ਸਿੰਘ’ ਫ਼ਿਲਮ ਬਣਾਈ ਜਾ ਰਹੀ ਹੈ।ਇੱਥੇ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਇਲ ਫਿਲਮਜ਼ ਯੂ. ਕੇ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿਸ਼ੇ ‘ਤੇ ਅਧਾਰਤ ਹੈ।ਉਹਨਾਂ ਦੱਸਿਆ ਕਿ ਇਹ ਫਿਲਮ ਨਾ ਕੇਵਲ ਖਾਲਿਸਤਾਨ ਲਿਬਰੇਸ਼ਨ ਫੋਰਸ਼ ਦੇ ਲੈਫਨੀਨੈਟ ਸz. ਭਾਈ ਜੁਗਰਾਜ ਸਿੰਘ ਤੂਫਾਨ ਦੇ ਹਿੰਦੂ-ਸਿੱਖ ਏਕਤਾ ਲਈ ਚੁੱਕੇ ਗਏ ਕਦਮਾਂ ਤੋਂ ਪ੍ਰੇਰਿਤ ਹੋਵੇਗੀ, ਜਿਸ ਵਿੱਚ ਦਰਸਾਇਆ ਜਾਵੇਗਾ ਕਿ ਉਹਨਾਂ ਨੇ ਕਿਵੇਂ ਓਸ ਸੰਗੀਨਾਂ ਦੀ ਰੁੱਤ ਵਿੱਚ ਜਦ ਖੌਫ ਦੇ ਚੱਲਦਿਆਂ ਹਿੰਦੂ ਪਰਿਵਾਰ ਘਰ-ਬਾਰ ਕਾਰੋਬਾਰ ਛੱਡ ਕੇ ਪੰਜਾਬ ਦੀ ਮਿੱਟੀ ਨੂੰ ਵਿਦਾ ਆਖਦੇ ਜਾ ਰਹੇ ਸਨ, ਓਸ ਸਮੇਂ ਹਿੰਦੂ ਭਾਈਚਾਰੇ ਨੂੰ ਸੁਰੱਖਿਆ ਦੀ ਛਾਂ ਕੀਤੀ ਅਤੇ ਕਿਧਰੇ ਵੀ ਉਜੜਨ ਨਹੀਂ ਸੀ ਦਿੱਤਾ, ਬਲਕਿ ਉਹਨਾਂ ਦੀ ਇਕ ਪਰਿਵਾਰ ਦੇ ਜੀਅ ਵਾਂਗ ਹਰ ਸੰਭਵ ਮਦਦ ਕੀਤੀ ਸੀ, ਸਗੋਂ ਸਿੱਖਾਂ ‘ਤੇ ਜ਼ੁਲਮ ਕਮਾਉਣ ਵਾਲਿਆਂ ਨਾਲ ਉਹਨਾਂ ਦਾ ਸਿੱਖ ਪਰੰਪਰਾ ਅਨੁਸਾਰ ਮੂੰਹ ਤੋੜਵਾ ਜਵਾਬ ਦੇਣ ਆਦਿ ਦੇ ਐਕਸ਼ਨਾਂ ਬਾਰੇ ਇਸ ਫ਼ਿਲਮ ਵਿੱਚ ਦਰਸਾਇਆ ਜਾਵੇਗਾ। ਖਾੜਕੂ ਤੂਫਾਨ ਓਸ ਦੌਰ ਵਿੱਚ ਚੱਲੇ ਸਿਆਸੀ ਸੰਘਰਸ਼ ਦਾ ਬੇਸ਼ੱਕ ਇਕ ਹਿੱਸਾ ਸੀ, ਪਰ ਉਹ ਬਾਕੀਆਂ ਨਾਲੋਂ ਵੱਖਰਾ ਸੀ, ਕਿਉਂਕਿ ਉਹ ਅਸਲੀ ਸਿੱਖ ਦਾ ਸਿਧਾਂਤ ਤੇ ਫਰਜ਼ ਜਾਣਦਾ ਸੀ, ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ।
ਪਰ ਓਸ ਸਿਆਸੀ ਸੰਘਰਸ਼ ਦੀ ਅਸੀਂ ਗੱਲ ਨਹੀਂ ਕਰਦੇ, ਅਸੀਂ ਤਾਂ ਤੂਫਾਨ ਦੇ ਵੱਖਰੇਪਣ ਦੀ ਗੱਲ ਕਰਦੇ ਹੋਏ, ਇਕ ਕਹਾਣੀ ਕਹਿਣੀ ਚਾਹੀ ਹੈ, ਇਕ ਫਿਲਮ ਦੇ ਰੂਪ ਵਿੱਚ, ਨਿਵੇਕਲੀ ਕਹਾਣੀ, ਜੋ ਸਮਾਜ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਇਕ ਮਿਸਾਲ ਪੇਸ਼ ਕਰੇਗੀ।ਫਿਲਮ ਵਿੱਚ ਉਹਨਾਂ ਦੇ ਇਸੇ ਪੱਖ ਤੋਂ ਪ੍ਰੇਰਿਤ ਕਿਰਦਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਕਿ ਸਿੱਖ ਕਿਵੇਂ ਔਕੜਾਂ ਦੇ ਸਮੇਂ, ਜਦ ਆਪਣੇ ਪ੍ਰਛਾਵੇਂ ਵੀ ਸਾਥ ਨਹੀਂ ਦੇ ਰਹੇ ਹੁੰਦੇ ਤਾਂ ਉਹ ਦੂਜੇ ਲਈ ਕਿਵੇਂ ਢਾਲ ਬਣਦੇ ਹੋਏ ਰਾਖੀ ਕਰਦੇ ਨੇ।ਉਹਨਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਫਿਲਮ ਦੇ ਡਾਇਰੈਕਟਰ ਹਨ ਬਘੇਲ ਸਿੰਘ, ਜਿਹਨਾਂ ਨੇ ਬਹੁਤ ਸਾਰੀਆਂ ਲਘੂ ਫਿਲਮਾਂ ਵੀ ਡਾਇਰੈਕਟ ਕੀਤੀਆਂ ਹਨ, ਪ੍ਰੋਡਿਊਸਰ ਹਨ ਸ. ਦਿਲਬਾਗ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ, ਕਹਾਣੀ ਲਿਖੀ ਹੈ ਸੁਰਮੀਤ ਮਾਵੀ ਨੇ, ਡਾਇਲਾਗ ਲਿਖੇ ਹਨ ਸੁਰਮੀਤ ਮਾਵੀ ਅਤੇ ਜੱਗੀ ਕੁੱਸਾ ਨੇ।ਬਲਜਿੰਦਰ ਕੋਟਭਾਰਾ ਅਤੇ ਅਮਨਦੀਪ ਹਾਂਸ ਨੇ ਭਾਈ ਜੁਗਰਾਜ ਸਿੰਘ ਤੂਫਾਨ ਦੇ ਇਸ ਭਾਈਚਾਰਕ ਸਾਂਝ ਵਾਲੇ ਪੱਖ ਬਾਰੇ ਖੋਜ ਦਾ ਕਾਰਜ ਪੂਰਾ ਕੀਤਾ। ਡਾਇਰੈਕਟਰ ਬਘੇਲ ਸਿੰਘ ਨੇ ਦੱਸਿਆ ਕਿ ਫਿਲਮ ਲਈ ਵੱਖ ਵੱਖ ਪਾਤਰਾਂ ਦੀ ਚੋਣ ਦਾ ਕਾਰਜ ਤਕਰੀਬਨ ਪੂਰਾ ਕਰ ਲਿਆ ਗਿਆ ਹੈ, ਇਕ ਦੋ ਅਹਿਮ ਪਾਤਰਾਂ ਦੀ ਚੋਣ ਹੋਣੀ ਬਾਕੀ ਹੈ, ਉਸ ਤੋਂ ਤੁਰੰਤ ਬਾਅਦ ਫਿਲਮ ਦੀ ਸ਼ੂਟਿੰਗ ਆਰੰਭ ਕੀਤੀ ਜਾਵੇਗੀ। ਫ਼ਿਲਮ ਦੇ ਖੋਜ ਕਰਤਾ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਨੇ ਦੱਸਿਆ ਕਿ ਜਦੋਂ ਉਹ ਜੁਗਰਾਜ ਸਿੰਘ ਤੂਫਾਨ ਦੀ ਜ਼ਿੰਦਗੀ ਅਧਾਰਤ ਵੱਖ ਵੱਖ ਪੱਖਾਂ ਨੂੰ ਖੋਜ ਰਹੇ ਸਨ ਤਾਂ ਇੱਕ ਸਭ ਤੋਂ ਅਹਿਮ ਗੱਲ ਇਹ ਵੀ ਸਾਹਮਣੇ ਆਈ ਕਿ ਅੱਜ ਵੀ ਗੁਰਦਾਸਪੁਰ, ਖਾਸ ਕਰਕੇ ਸ੍ਰੀ ਹਰਗੋਬਿੰਦਪੁਰ ਦੇ ਇਲਾਕੇ ਦਾ ਹਿੰਦੂ ਭਾਈਚਾਰਾ, ਜਿਹਨਾਂ ਦੀ ਭਾਈ ਜੁਗਰਾਜ ਸਿੰਘ ਤੂਫਾਨ ਢਾਲ ਬਣ ਕੇ ਅੱਗੇ ਆਏ, ਉਹਨਾਂ ਬਹੁਤ ਸਤਿਕਾਰ ਕਰਦੇ ਨੇ, ਪਿਆਰਦੇ ਨੇ। ਉਹਨਾਂ ਬਾਰੇ ਗੱਲ ਕਰਦਿਆਂ ਅੱਜ ਵੀ ਬਜ਼ੁਰਗ ਹਿੰਦੂ ਗੱਚ ਭਰ ਆਉਂਦੇ ਨੇ।
ਇਸ ਮੌਕੇ ਫਿਲਮ ਲਈ ਸਹਿਯੋਗ ਦੇਣ ਵਾਲੇ ਕਰਨੈਲ ਸਿੰਘ ਪੀਰਮੁਹੰਮਦ, ਪਰਮਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਗਾਬਾ, ਭਾਈ ਤੂਫਾਨ ਦਾ ਪਾਲਣ ਪੋਸਣ ਕਰਨ ਵਾਲੀ ਉਹਨਾਂ ਦੀ ਵੱਡੀ ਭੈਣ ਅਮਰਜੀਤ ਕੌਰ, ਬੇਟੀ ਸਿਮਰਨਜੀਤ ਕੌਰ, ਉਹਨਾਂ ਦੇ ਜਵਾਈ ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media