ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਮਾਲਵੇ ਦੇ ਪ੍ਰਸਿੱਧ ਹਸਪਤਾਲ ਆਦੇਸ਼ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਖੇ ਐਸੋਸੀਏਟ ਪ੍ਰੋਫੈਸਰ ਡਾ. ਜਗਜੀਤ ਸਿੰਘ ਬਾਹੀਆ ਨੂੰ ਉਨ੍ਹਾਂ ਦੁਆਰਾ ਹੁਣ ਤੱਕ ਕੀਤੀਆਂ ਖੋਜਾਂ ਅਤੇ ਕਾਨਫਰੰਸਾਂ ਦੇ ਆਧਾਰ ‘ਤੇ ਅਮਰੀਕਾ ਦੀ ਨਾਮੀ ਯੇਲ ਯੂਨੀਵਰਸਿਟੀ ਨੇ ਖੋਜ ਕਾਰਜਾਂ ਲਈ ਸੱਦਾ ਭੇਜਿਆ ਹੈ। ਯੇਲ ਯੂਨੀਵਰਸਿਟੀ ਅਮਰੀਕਾ ਦੀ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਇਸਦਾ ਅਮਰੀਕਾ ਵਿੱਚ 5ਵਾਂ ਤੇ ਸੰਸਾਰ ਪੱਧਰ ਉੱਪਰ 11ਵਾਂ ਸਥਾਨ ਹੈ।ਇਸ ਯੂਨੀਵਰਸਿਟੀ ਨੇ ਹੁਣ ਤੱਕ ਅਮਰੀਕਾ ਲਈ 5 ਰਾਸ਼ਟਰਪਤੀ ਅਤੇ 17 ਸੁਪਰੀਮ ਕੋਰਟ ਦੇ ਜੱਜ ਪੈਦਾ ਕੀਤੇ ਹਨ।ਇਸ ਯੂਨੀਵਰਸਿਟੀ ਨੂੰ 20 ਨੋਬਲ ਪੁਰਸਕਾਰ ਮਿਲ ਚੁੱਕੇ ਹਨ।ਡਾ. ਜਗਜੀਤ ਸਿੰਘ ਬਾਹੀਆ ਨੂੰ ਏਡਜ਼, ਡੇਂਗੂ, ਸਵਾਈਨ ਫਲੂ, ਇਬੋਲਾ ਆਦਿ ਭਿਆਨਕ ਬਿਮਾਰੀਆਂ ਦੀ ਖੋਜ ਪ੍ਰਤੀ ਗਹਿਰਾ ਲਗਾਵ ਹੈ ਅਤੇ ਉਹ ਇਨ੍ਹਾਂ ਸਾਰੀਆਂ ਬਿਮਾਰੀਆਂ ਉੱਪਰ ਹੀ ਖੋਜ ਕਰਨਗੇ।ਯੇਲ ਯੂਨੀਵਰਸਿਟੀ ਦੇ ਅਸਿਸਟੈਂਟ ਰਿਸਰਚ ਐਸੋਸੀਏਟ ਡਾ. ਰਾਜੀਵ ਸਿੰਘ ਜੋ ਕਿ ਵਾਈਰਸ ਨਾਲ ਸਬੰਧਤ ਬਿਮਾਰੀਆਂ ਉੱਪਰ ਖੋਜ ਕਰ ਰਹੇ ਹਨ, ਨੇ ਹੋਰ ਡੂੰਘਾਈ ਨਾਲ ਖੋਜ ਕਰਨ ਲਈ ਯੂਨੀਵਰਸਿਟੀ ਵਿਖੇ ਡਾ. ਬਾਹੀਆ ਦੀ ਚੋਣ ਕੀਤੀ ਹੈ। ਉਨ੍ਹਾਂ ਦੇ ਇਹ ਖੋਜ ਕਾਰਜ 10 ਦਸੰਬਰ ਤੋਂ 30 ਦਸੰਬਰ ਤੱਕ ਚੱਲਣਗੇ ਜਿਸ ਲਈ ਡਾ. ਜਗਜੀਤ ਸਿੰਘ ਬਾਹੀਆ ਕਾਫੀ ਉਤਸ਼ਾਹਿਤ ਹਨ।ਇਸ ਯਾਤਰਾ ਦਾ ਪੂਰਾ ਖਰਚ ਡਾ. ਰਾਜੀਵ ਸਿੰਘ ਦੁਆਰਾ ਚੁੱਕਿਆ ਜਾਣਾ ਹੈ। ਇਸ ਤੋਂ ਪਹਿਲਾਂ ਡਾ. ਜਗਜੀਤ ਸਿੰਘ ਬਾਹੀਆ ਆਸਟਰੇਲੀਆ, ਅਮਰੀਕਾ, ਯੂਕੇ, ਇੰਗਲੈਂਡ, ਕੈਨੇਡਾ, ਜਰਮਨ, ਚੀਨ ਆਦਿ ਪ੍ਰਮੁੱਖ ਦੇਸ਼ਾਂ ਵਿੱਚ ਖੋਜ ਪੱਤਰ ਪੜ੍ਹ ਚੁੱਕੇ ਹਨ ਅਤੇ ਵੱਡੀਆਂ ਕਾਨਫਰੰਸਾਂ ਵਿੱਚ ਭਾਗ ਲੈ ਚੁੱਕੇ ਹਨ।
ਇਸ ਸਬੰਧੀ ਆਦੇਸ਼ ਮੈਡੀਕਲ ਕਾਲਜ਼ ਦੇ ਡਾ. ਮਧੂ ਲਤਾ ਸਰਜਨ, ਡਾ. ਐਸ.ਕੇ.ਸ਼ਰਮਾ ਮੁਜ਼ੱਫਰਨਗਰ ਮੈਡੀਕਲ ਕਾਲਜ਼ ਯੂਪੀ, ਡਾ. ਐਨ.ਜੇ. ਸਿੰਘ ਸ਼ੂਗਰ ਵਿਭਾਗ ਦੇ ਮੁਖੀ ਆਦੇਸ਼ ਹਸਪਤਾਲ, ਮੈਡੀਕਲ ਕਾਲਜ਼ ਪਟਿਆਲਾ ਦੇ ਸਾਬਕਾ ਸਰਜਨ ਤੇ ਵਿਭਾਗ ਦੇ ਮੁਖੀ ਪ੍ਰੋ. ਡਾ. ਕਰਮ ਸਿੰਘ, ਸਮੂਹ ਡਾਕਟਰ ਸਾਹਿਬਾਨ ਅਤੇ ਸਟਾਫ ਦੁਆਰਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਬਾਹੀਆ ਨੂੰ ਸ਼ੁੱਭ ਇਛਾਵਾਂ ਭੇਂਟ ਕੀਤੀਆਂ ਹਨ। ਉਨ੍ਹਾਂ ਨੂੰ ਸਮਾਜ ਸੇਵਾ ਬਦਲੇ ਸੀਬੀਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਦੀ ਹਾਜਰੀ ਵਿੱਚ ਝਾਰਖੰਡ ਦੇ ਸਾਬਕਾ ਗਵਰਨਰ ਐਸ.ਐਸ.ਰਿਜ਼ਵੀ ਦੁਆਰਾ ਦਿੱਲੀ ਵਿਖੇ ਭਾਰੀ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਜੰਮੂ ਕਸ਼ਮੀਰ ਦੇ ਵਿਧਾਇਕ ਜਹਾਂਗੀਰ ਮੀਰ ਅਤੇ ਐਮਪੀ ਚੌਧਰੀ ਵਰਿੰਦਰ ਸਿੰਘ ਵੀ ਹਾਜਰ ਸਨ।