Wednesday, December 4, 2024

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਸ਼ਤਾਬਦੀ ਸਮਾਗਮਾਂ ’ਚ ਸ਼ਮੂਲੀਅਤ ਮਗਰੋਂ ਪਾਕਿ ਤੋਂ ਵਾਪਸ ਪਰਤੇ

ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ) – ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਪਾਕਿਸਤਾਨ ਤੋਂ ਵਾਪਸ ਭਾਰਤ ਪਰਤ ਆਏ ਹਨ। ਇਥੇ ਪੁੱਜਣ ’ਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਸ਼ਰਧਾ ਪ੍ਰਗਟਾਈ ਹੈ ਅਤੇ ਇਸ ਤੋਂ ਇਲਾਵਾ ਸਾਕੇ ਦੇ ਸਥਾਨ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ’ਤੇ ਕੀਤਾ ਗਿਆ ਕੀਰਤਨ ਸਮਾਗਮ ਵੀ ਆਪਣੇ ਆਪ ਵਿਚ ਇਤਿਹਾਸਕ ਹੈ।ਉਨ੍ਹਾਂ ਕਿਹਾ ਕਿ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਦੇ ਸਾਰੇ ਸਮਾਗਮ ਯਾਦਗਾਰੀ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕੀਤੇ ਹਨ ਅਤੇ ਸਥਾਨਕ ਸਿੱਖ ਆਗੂਆਂ ਨਾਲ ਕਈ ਮਾਮਲਿਆਂ ’ਤੇ ਵੀਚਾਰ ਵਟਾਂਦਰਾ ਵੀ ਹੋਇਆ ਹੈ।ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲੇ ਸੇਵਾਵਾਂ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਥੇ ਇਕ ਵੱਡਾ ਰਿਹਾਇਸ਼ੀ ਹਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਬਣਨ ਨਾਲ ਸੰਗਤਾਂ ਨੂੰ ਠਹਿਰਣ ਵਿਚ ਵੱਡੀ ਸਹੂਲਤ ਮਿਲੇਗੀ।ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਿਨ੍ਹਾਂ ਸੇਵਾਵਾਂ ਦੀ ਵੀ ਲੋੜ ਹੋਵੇਗੀ, ਸ਼੍ਰੋਮਣੀ ਕਮੇਟੀ ਭਰਵਾਂ ਸਹਿਯੋਗ ਕਰੇਗੀ।ਉਨ੍ਹਾਂ ਕਿਹਾ ਕਿ ਸਰਕਾਰਾਂ ਤਰਫੋਂ ਕੀਤੇ ਜਾਣ ਵਾਲੇ ਕਾਰਜ ਕਰਨ ਲਈ ਸਰਕਾਰਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਦਕਿ ਸਿੱਖ ਸੰਸਥਾਵਾਂ ਆਪਣੇ ਜ਼ੁੁੰਮੇ ਲੱਗੇ ਕਾਰਜ ਕਰਨ ਲਈ ਵਚਨਬੱਧ ਹਨ।
ਵਾਪਸ ਭਾਰਤ ਪੁੱਜੇ ਐਡਵੋਕੇਟ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਸਰਵਣ ਸਿੰਘ ਕੁਲਾਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਅਜਮੇਰ ਸਿੰਘ ਖੇੜਾ, ਭਾਈ ਪ੍ਰਿਤਪਾਲ ਸਿੰਘ ਲੁਧਿਆਣਾ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਯਾਤਰਾ ਵਿਭਾਗ ਦੇ ਇੰਚਾਰਜ਼ ਰਾਜਿੰਦਰ ਸਿੰਘ ਰੂਬੀ ਵੀ ਮੌਜੂਦ ਸਨ।ਇਸ ਤੋਂ ਇਲਾਵਾ ਜਥੇ ਦੇ ਬਾਕੀ ਮੈਂਬਰ ਭਲਕੇ 1 ਨਵੰਬਰ ਨੂੰ ਭਾਰਤ ਵਾਪਸ ਪਰਤਣਗੇ।
ਇਸੇ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਯਾਤਰਾ ਵਿਭਾਗ ਦੇ ਇੰਚਾਰਜ ਰਾਜਿੰਦਰ ਸਿੰਘ ਰੂਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਤੇ ਅਧਿਕਾਰੀ ਵਾਪਸੀ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸਾਹਿਬ ਚੂਨਾ ਮੰਡੀ ਲਾਹੋਰ ਵਿਖੇ ਵੀ ਨਤਮਸਤਕ ਹੋਏ, ਜਿਥੇ ਉਨ੍ਹਾਂ ਨੂੰ ਪ੍ਰਬੰਧਕਾਂ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ। ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੰਗਤਾਂ ਨਾਲ ਵਿਚਾਰ ਵੀ ਸਾਂਝੇ ਕੀਤੇ।ਰੂਬੀ ਨੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਰਾਏ ਬੁਲਾਰ ਦੇ ਵੰਜਸ਼ ਰਾਏ ਸਲੀਮ ਭੱਟੀ ਨੂੰ ਸਨਮਾਨਿਤ ਵੀ ਕੀਤਾ ਹੈ।ਰਾਏ ਸਲੀਮ ਭੱਟੀ ਦੇ ਸਨਮਾਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …