Saturday, July 27, 2024

ਜੰਡਿਆਲਾ ਦੇ ਠਠਿਆਰਾਂ ਬਜ਼ਾਰ ਨੂੰ ਦਿੱਤੀ ਜਾਵੇਗੀ ਵਿਰਾਸਤੀ ਦਿਖ – ਈ.ਟੀ.ਓ

ਪੰਜਾਬ ਸਰਕਾਰ ਦੀ ਚੀਫ਼ ਆਰਕੀਟੈਕਟ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ 29 ਨਵੰਬਰ (ਸੁਖਬੀਰ ਸਿੰਘ) – ਜੀ 20 ਸ਼ਿਖਰ ਸੰਮੇਲਨ ਨੂੰ ਲੈ ਕੇ ਅੱਜ ਬਿਜਲੀ, ਲੋਕ ਨਿਰਮਾਣ ਮੰਤਰੀ, ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਸਰਕਾਰ ਦੀ ਚੀਫ ਆਰਕੀਟੈਕਟ ਸ੍ਰੀਮਤੀ ਸਪਨਾ ਅਤੇ ਜਿਲ੍ਹਾ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿੱਚ ਜੰਡਿਆਲਾ ਗੁਰੂ ਦੇ ਠਠਿਆਰਾਂ ਬਜ਼ਾਰ ਨੂੰ ਵਿਕਸਿਤ ਕਰਨ ਸਬੰਧੀ ਚਰਚਾ ਕੀਤੀ ਗਈ।
ਮੰਤਰੀ ਨੇ ਦੱਸਿਆ ਕਿ ਜੰਡਿਆਲਾ ਦਾ ਠਠਿਆਰਾਂ ਬਜ਼ਾਰ ਯੂਨੈਸਕੋ ਦੀਆਂ ਇਤਿਹਾਸਿਕ ਇਮਾਰਤਾਂ ਵਿੱਚ ਸ਼ਾਮਲ ਹੈ ਅਤੇ ਸਰਕਾਰ ਵਲੋਂ ਇਸ ਬਜ਼ਾਰ ਨੂੰ ਵਿਰਾਸਤੀ ਮਾਰਗ ਵਿਕਸਿਤ ਕੀਤਾ ਜਾ ਰਿਹਾ ਹੈ।ਬਜ਼ਾਰ ਦੀਆਂ ਸਾਰੀਆਂ ਇਮਾਰਤਾਂ ਨੂੰ ਇਕੋ ਹੀ ਦਿ ਖ ਦਿੱਤੀ ਜਾਵੇਗੀ ਅਤੇ ਸਾਰੇ ਬਾਜਾਰ ਦੀ ਨੁਹਾਰ ਨੂੰ ਬਦਲਿਆ ਜਾਵੇਗਾ।ਉਨਾਂ ਦੱਸਿਆ ਕਿ ਮਾਰਚ 2023 ਵਿੱਚ ਅੰਮਿ੍ਰਤਸਰ ਵਿਖੇ ਹੋ ਰਹੇ ਜੀ 20 ਸ਼ਿਖਰ ਸੰਮੇਲਨ ਵਿੱਚ ਭਾਗ ਲੈ ਰਹੇ ਵਫ਼ਦ ਨੂੰ ਠਠਿਆਰਾਂ ਬਾਜਾਰ ਦਾ ਦੌਰਾ ਵੀ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਨਾਲ ਠਠਿਆਰਾਂ ਬਾਜਾਰ ਵਿਚ ਹੱਥੀ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਕਾਫ਼ੀ ਉਤਸ਼ਾਹ ਮਿਲੇਗਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਸ ਦਾ ਨਾਂ ਹੋਰ ਉੱਚਾ ਹੋਵੇਗਾ।ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ 5 ਗੇਟਾਂ ਦੀ ਮੁਰੰਮਤ ਅਤੇ 3 ਨਵੇਂ ਗੇਟ ਹੋਰ ਵੀ ਉਸਾਰੇ ਜਾਣਗੇ।
ਕੈਬਨਿਟ ਮੰਤਰੀ ਨੇ ਚੀਫ ਆਰਕੀਟੈਕਟ ਸ੍ਰੀਮਤੀ ਸਪਨਾ ਨੂੰ ਵਿਸ਼ੇਸ਼ ਤੌਰ ’ਤੇ ਜੰਡਿਆਲਾ ਗੁਰੂ ਹਲਕੇ ਦੀਆਂ ਇਮਾਰਤਾਂ ਜਿਨਾਂ ਵਿੱਚ ਸਰਕਾਰੀ ਸਕੂਲ, ਹਸਪਤਾਲ, ਦਫ਼ਤਰ ਨਗਰ ਕੌਂਸਲ ਆਦਿ ਸ਼ਾਮਲ ਹਨ ਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਸਾਰੇ ਵਿਭਾਗਾਂ ਵਿੱਚ ਲੈਂਡਸਕੇਪਿੰਗ ਜ਼ਰੂਰ ਕੀਤੀ ਜਾਵੇ ਤਾਂ ਜੋ ਇਮਾਰਤਾਂ ਸੁੰਦਰ ਬਣ ਸਕਣ।ਉਨਾਂ ਕਿਹਾ ਕਿ ਸਰਕਾਰੀ ਇਮਾਰਤਾਂ ਲੋਕਾਂ ਦੇ ਪੈਸੇ ਨਾਲ ਬਣਦੀਆਂ ਹਨ ਅਤੇ ਸਾਡਾ ਫਰਜ਼ ਹੈ ਕਿ ਇਨਾਂ ਇਮਾਰਤਾਂ ਨੂੰ ਵਧੀਆ ਢੰਗ ਨਾਲ ਬਣਾਇਆ ਜਾਵੇ ਤਾਂ ਜੋ ਇਮਾਰਤਾਂ ਲੰਮੇ ਸਮੇਂ ਤੱਕ ਸੁਰੱਖਿਅਤ ਰਹਿ ਸਕਣ।
ਹਰਭਜਨ ਸਿੰਘ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਨੈਸ਼ਨਲ ਹਾਈਵੇ ਅੰਦਰ ਜੋ ਵੀ ਮੁਸ਼ਕਿਲਾਂ ਆ ਰਹੀਆਂ ਹਨ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਨੈਸ਼ਨਲ ਹਾਈਵੇ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।ਉਨਾਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਸ ਕਿਸੇ ਵੀ ਸਥਾਨ ਤੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸਬੰਧਤ ਐਸ.ਡੀ.ਐਮ ਨਾਲ ਰਾਬਤਾ ਕਾਇਮ ਕਰਕੇ ਉਸਨੂੰ ਦੂਰ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ, ਐਸ.ਡੀ.ਐਮ ਅੰਮ੍ਰਿਤਸਰ-2 ਹਰਪ੍ਰੀਤ ਸਿੰਘ, ਐਸ.ਡੀ.ਐਮ ਅੰਮ੍ਰਿਤਸਰ-1 ਮਨਕੰਵਲ ਚਾਹਲ, ਐਸ.ਡੀ.ਐਮ ਅਜਨਾਲਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਚੀਫ ਇੰਜੀ: ਪੀ.ਡਬਲਯੂ.ਡੀ ਡੀ.ਵੀ ਗੋਇਲ, ਚੀਫ਼ ਇੰਜੀ: ਪੀ.ਐਸ.ਪੀ.ਸੀ.ਐਲ ਬਾਲ ਕ੍ਰਿਸ਼ਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …