ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਟੂਰਿਜ਼ਮ ਵਿਭਾਗ ਮਹਾਰਾਜ਼ਟਰ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾ ਰਹੇ ਦੋ ਰੋਜ਼ਾ ਪ੍ਰੋਗਰਾਮਾਂ ਤਹਿਤ 26 ਦਸੰਬਰ ਨੂੰ ਨਾਂਦੇੜ ਦੇ ਸਮੂਹ ਸਕੂਲਾਂ ਦੇ ਲਗਭਗ 4000 ਵਿਦਿਆਰਥੀਆਂ ਵਲੋਂ ਰੈਲੀ ਕੱਢੀ ਗਈ।ਜੋ ਸਰਕਾਰੀ ਆਯੁ.ਟੀ.ਆਈ ਤੋਂ ਸਵੇਰੇ 8.00 ਵਜੇ ਆਰੰਭ ਹੋ ਕੇ, ਸ਼ਿਵਾਜੀ ਨਗਰ, ਕਲਾਮੰਦਿਰ, ਐਸ.ਪੀ ਆਫਿਸ, ਸ਼ਿਵਾ ਜੀ ਤੇ ਗਾਂਧੀ ਦੇ ਬੁੱਤ, ਹੱਲਾ ਬੋਲ ਚੌਕ, ਗੁਰਦੁਆਰਾ ਚੋਰਸਤਾ, ਤਖਤ ਸੱਚਖੰਡ ਸਾਹਿਬ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਪੁੱਜੀ।ਰੈਲੀ ਵਿੱਚ ਜਬਲਪੁਰ ਦੇ ਪ੍ਰਸਿੱਧ ਸ਼ਾਮ ਬੈਂਡ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋੇ ਸ਼ਭਾ ਵਧਾਈ।
ਵਿਸ਼ਾਲ ਇਕੱਠ ਦਾ ਸਵਾਗਤ ਇਕ ਵਿਸ਼ਾਲ ਪੰਡਾਲ ਵਿੱਚ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੇ ਪ੍ਰਸ਼ਾਸ਼ਕ ਡਾ. ਪਰਵਿੰਦਰ ਸਿੰਘ ਪਸਰੀਚਾ, ਜਸਬੀਰ ਸਿੰਘ ਧਾਮ, ਸ਼ਰਨ ਸਿੰਘ ਸੋਢੀ ਸੁਪਰਡੈਂਟ ਤੇ ਮਹਾਰਾਸ਼ਟਰ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਕੀਤਾ ਗਿਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਪਸਰੀਚਾ ਸਾਹਿਬ ਨੇ ਜਿੱਥੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇਹ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਚਾਨਣਾ ਪਾਇਆ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਮਹਾਰਾਸ਼ਟਰ ਦੇ ਮੁ1ਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਟੂਰਿਜ਼਼ਮ ਮੰਤਰੀ ਮੰਗਲਪ੍ਰਭਾਤ ਲੋਢਾ ਵਲੋਂ ਨਾਦੇੜ ਵਿਖੇ ਵੀਰ ਬਾਲ ਦਿਵਸ ਨੂੰ ਉਚ ਪੱਧਰ ‘ਤੇ ਮਨਾਉਣ ਦਾ ਨਿਰਣ ਲੈਣ ਲਈ ਧੰਨਵਾਦ ਵੀ ਕੀਤਾ।ਨਾਂਦੇੜ ਦੇ ਜਿਲਾ ਕੁਲੈਕਟਰ ਅਭਿਜੀਤ ਰਾਊਤ, ਜਿਲਾ ਐਸ.ਪੀ ਕ੍ਰਿਸ਼ਨ ਕੋਕਾਟੋ, ਕਮਿਸ਼ਨਰ ਨਗਰ ਨਿਗਮ ਨਾਂਦੇੜ ਸੁਨੀਲ ਲਹਾਨੇ ਅਤੇ ਹੋਰ ਉੱਚ ਅਧਿਕਾਰੀਆਂ ਜਿਨ੍ਹਾਂ ਨੇ ਇਨ੍ਹਾਂ ਸਾਰੇ ਪ੍ਰੋਗਾਮਾ ਨੂੰ ਸਫਲ ਬਨਾਉਣ ਲਈ ਦਿਨ-ਰਾਤ ਇਕ ਕਰੀ ਰੱਖਿਆ।ਉਨ੍ਹਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।ਸਮੂਹ ਵਿਦਿਆਰਥਿਆਂ ਨੂੰ ਲੰਗਰ ਵੀ ਛਕਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਉਪਰਲੇ ਹਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀਆਂ ਦੇ ਭਾਸ਼ਨ ਤੇ ਹੋਰ ਪ੍ਰਤਿਯੋਗਿਤਾਵਾਂ ਦੇ ਅੰਤਿਮ ਮੁਕਾਬਲੇ ਸੰਪਨ ਹੋਏ।ਜਿਸ ਵਿੱਚ ਕੁਮਾਰੀ ਸ਼ਰੂਤੀ ਕਾਲੇ ਕੈਂਬ੍ਰਿਜ ਸਕੂਲ ਸ਼ਿਵਾਜੀ ਨਗਰ ਨਾਂਦੇੜ ਪਹਿਲੇ ਸਥਾਨ ‘ਤੇ ਰਹਿ ਕੇ 51000 ਰੁਪਏ ਦਾ ਇਨਾਮ ਹਾਸਿਲ ਕੀਤਾ।ਦੂਸਰੇ ਸਥਾਨ ਤੇ ਆਈ ਕੁਮਾਰੀ ਚਰਨਜੀਤ ਕੌਰ ਹਰਦੀਪ ਸਿੰਘ ਗਿੱਲ ਦਸ਼ਮੇਸ਼ ਜੋੜ ਇੰਗਲਿਸ਼ ਮੀਡੀਅਮ ਸਕੂਲ ਨਾਂਦੇੜ ਨੇ 31000 ਰੁਪਏ ਦੀ ਇਨਾਮ ਰਾਸ਼ੀ ਹਾਸਲ ਕੀਤੀ।ਤੀਸਰਾ ਸਥਾਨ ਹਾਸਲ ਕਰਨ ਵਾਲੀ ਲਿਟਲ ਫਲਾਵਰ ਸਕੂਲ ਬਿਲੋਲੀ ਜਿਲ੍ਹਾ ਨਾਂਦੇੜ ਦੀ ਕੁਮਾਰੀ ਅਕਸ਼ਰਾ ਬਸਵਅਨਾ ਨੇ 21000 ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ।ਇਸ ਤੋਂ ਇਲਾਵਾ 7000-7000 ਦੇ ਦੋ ਹੌਸਲਾ ਅਫਜ਼ਾਈ ਇਨਾਮ ਪਵਨ ਚੰਦਕਾਤ ਸੰਗਮਕਰ ਅਤੇ ਕੁਮਾਰੀ ਅਪੁਰਵਾ ਅਨਿਲ ਸੋਨਕਾਬਲੇ ਨੇ ਹਾਸਲ ਕੀਤੇ।ਇਨ੍ਹਾਂ ਇਨਾਮਾਂ ਦੀ ਵੰਡ ਗੁਰਦੁਆਰਾ ਸਾਹਿਬ ਦੇ ਪ੍ਰਸ਼ਾਸਕ ਡਾ. ਪਸਰੀਚਾ ਵੱਲੋਂ ਕੀਤੀ ਗਈ।ਉਨਾ ਨੇ ਬੋਲਦਿਆਂ ਜਿੱਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਥੇ ਪੜਾਈ ਦੇ ਖੇਤਰ ਵਿੱਚ ਅੱਗੇ ਹੋ ਕੇ ਵਿਚਰਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਇਸ ਪ੍ਰਤਿਯੋਗਿਤਾ ਦੇ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਤੇਜਵੰਤ ਸਿੰਘ ਸੰਧੂ ਨਿਆਯਧੀਸ਼ ਮਾਲੋਗਾਰ (ਨਾਸਿਕ), ਨਾਂਦੇੜ ਜਿਲਾ ਸਿਖਿਆ ਅਧਿਕਾਰੀ ਪ੍ਰਸ਼ਾਂਤ ਦਿਸਕਰ, ਜਸਬੀਰ ਸਿੰਘ ਧਾਮ, ਮਾਨ ਸਿੰਘ ਬੁਗਈ ਡਿਪਟੀ ਸੁਪਰਡੈਂਟ, ਜੈਮਲ ਸਿੰਘ ਢਿੱਲੋਂ (ਪੀ.ਏ) ਅਤੇ ਹੋਰ ਪਤਵੰਤੇ ਹਾਜ਼ਰ ਸਨ।