Monday, December 30, 2024

ਕੱਚੀਆਂ ਨਹਿਰਾਂ ਤੇ ਸੂਏ ਪੱਕੇ ਕਰਨ ਵਿਰੁੱਧ ਵੱਖ-ਵੱਖ ਜਥੇਬੰਦੀਆਂ ਨੇ ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਮੈਮੋਰੰਡਮ

ਸਮਰਾਲਾ, 17 ਜਨਵਰੀ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਦਫਤਰ ਵਿਖੇ ਅੱਜ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਸਮਾਜਸੇਵੀ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ।ਇਸ ਦੌਰਾਨ ਪੰਜਾਬ ਅੰਦਰ ਪਾਣੀ ਦੇ ਸੰਕਟ ਦੇ ਅਹਿਮ ਮੁੱਦੇ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਕੱਚੀਆਂ ਨਹਿਰਾਂ ਪੱਕੀਆਂ ਕਰਨ ਸਬੰਧੀ ਕੀਤੇ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਗਿਆ।ਜਿਸ ਵਿੱਚ ਰੋਪੜ ਤੋਂ ਨਿਕਲ ਰਹੀ ਸਰਹਿੰਦ ਨਹਿਰ ਨੂੰ ਪੱਕਿਆਂ ਕਰਨ ਦਾ ਫੈਸਲੇ ਦੀ ਨਿੰਦਾ ਕਰਦੇ ਹੋਏ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਨਹਿਰ ਜਾਂ ਸੂਏ, ਕੱਸੀਆਂ ਆਦਿ ਪੱਕੇ ਕੀਤੇ ਤਾਂ ਉਹ ਸਰਕਾਰ ਦੇ ਇਸ ਫੈਸਲੇ ਵਿਰੁੱਧ ਤਿੱਖੇ ਸੰਘਰਸ਼ ਲਈ ਤਿਆਰ ਬੈਠੇ ਹਨ।ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਕੱਚੀਆਂ ਨਹਿਰਾਂ ਅਤੇ ਸੂਇਆਂ ਕਰਕੇ ਹੀ ਧਰਤੀ ਹੇਠਲਾ ਪਾਣੀ ਰੀਚਾਰਜ ਹੁੰਦਾ ਹੈ ਅਤੇ ਬਰਸਾਤੀ ਪਾਣੀ ਵੀ ਇਨ੍ਹਾਂ ਰਾਹੀਂ ਹੀ ਧਰਤੀ ਹੇਠਾਂ ਜਾਂਦਾ ਹੈ।ਪੰਜਾਬ ਪਾਣੀ ਦੀ ਘਾਟ ਕਾਰਨ ਪਹਿਲਾਂ ਹੀ ਮਰਨ ਕਿਨਾਰੇ ਹੈ, ਲੇਕਿਨ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਦੋਖੀ ਬਣ ਕੇ ਇੱਕ ਇਤਿਹਾਸਕ ਮਾੜਾ ਕੰਮ ਕਰਨ ਲੱਗੀ ਹੈ।
ਮੀਟਿੰਗ ਉਪਰੰਤ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਐਸ.ਡੀ.ਐਮ ਸਮਰਾਲਾ ਨੂੰ ਮੈਮੋਰੰਡਮ ਦਿੱਤਾ ਗਿਆ ਅਤੇ ਸਖਤ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਇਹ ਪੰਜਾਬ ਮਾਰੂ ਫੈਸਲਾ ਜਲਦੀ ਵਾਪਸ ਨਾ ਲਿਆ ਸਮਰਾਲਾ ਹਲਕੇ ਅੰਦਰ ਸਾਡੀਆਂ ਇਹ ਜਥੇਬੰਦੀਆਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦੇਣਗੀਆਂ।
ਇਸ ਮੌਕੇ ਕਮਾਂਡੈਂਟ ਰਸ਼ਪਾਲ ਸਿੰਘ, ਸੰਤੋਖ ਸਿੰਘ ਨਾਗਰਾ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਲਛਮਣ ਸਿੰਘ ਏਰੀਆ ਕਮੇਟੀ ਪ੍ਰਧਾਨ ਜਮਹੂਰੀ ਕਿਸਾਨ ਸਭਾ, ਪਰਮਜੀਤ ਸਿੰਘ ਮਾਛੀਵਾੜਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਇਕਾਈ ਮਾਛੀਵਾੜਾ, ਸੰਦੀਪ ਸਿੰਘ ਰੁਪਾਲੋਂ ਪ੍ਰਧਾਨ ਲੋਕ ਚੇਤਨਾ ਲਹਿਰ ਪੰਜਾਬ, ਰਾਜਿੰਦਰ ਸਿੰਘ ਕੁੱਲੇਵਾਲ, ਹਰਚੰਦ ਸਿੰਘ ਹੇਡੋਂ ਬੇਟ, ਭਾਗ ਸਿੰਘ, ਪ੍ਰੇਮ ਨਾਥ ਸਮਰਾਲਾ, ਉਜਾਗਰ ਸਿੰਘ ਚਹਿਲਾਂ ਬੀ.ਕੇ.ਯੂ ਕਾਦੀਆਂ, ਬਚਿੱਤਰ ਸਿੰਘ ਘੁਲਾਲ ਬੀ.ਕੇ.ਯੂ (ਰਾਜੇਵਾਲ), ਦਰਸ਼ਨ ਸਿੰਘ ਮਾਛੀਵਾੜਾ, ਦਤਾਰ ਸਿੰਘ, ਸੁਰਿੰਦਰ ਕੁਮਾਰ ਅੰਗਰੇਸ਼, ਸਰਬਜੀਤ ਸਿੰਘ ਪੱਪੀ, ਰਵਿੰਦਰ ਕੌਰ ਸਮਰਾਲਾ, ਮਹਿੰਦਰ ਕੌਰ, ਦੇਸ ਰਾਜ ਸਮਰਾਲਾ, ਬਲਦੇਵ ਸਿੰਘ ਖਮਾਣੋਂ ਆਦਿ ਹਾਜ਼ਰ ਸਨ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …