Thursday, November 21, 2024

ਸਰਕਾਰਾਂ ਦੇਸ਼ ਅੰਦਰ ਘੱਟਗਿਣਤੀਆਂ ਲਈ ਵੱਖਰੀ ਨੀਤੀ ਅਪਣਾ ਰਹੀਆਂ ਹਨ- ਐਡਵੋਕੇਟ ਧਾਮੀ

ਗੁਰਮੀਤ ਰਾਮ ਰਹੀਮ ਨੂੰ ਸਾਲ ’ਚ ਚੌਥੀ ਵਾਰ ਛੱਡਣ ’ਤੇ ਕੀਤਾ ਸਖ਼ਤ ਇਤਰਾਜ਼

ਅੰਮ੍ਰਿਤਸਰ, 21 ਜਨਵਰੀ (ਜਗਦੀਪ ਸਿੰਘ ਸੱਗੂ) – ਕਤਲ ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਕਾਤਲ ਅਤੇ ਬਲਾਤਕਾਰੀ ਇਸੇ ਤਰ੍ਹਾਂ ਸਮਾਜ ‘ਚ ਵਿੱਚਰਣ ਲਈ ਖੁੱਲ੍ਹੇ ਛੱਡੇ ਜਾ ਸਕਦੇ ਹਨ, ਤਾਂ ਫਿਰ ਕੌਮੀ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਿੱਚ ਕੀ ਮੁਸ਼ਕਲ ਹੈ।ਉਨਾਂ ਨੇ ਕਿਹਾ ਕਿ ਸਰਕਾਰਾਂ ਦੀ ਇਹੀ ਦੋਹਰੀ ਨੀਤੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ਼ ਰਹੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਦੇਸ਼ ਅੰਦਰ ਹਰ ਕੌਮ ਅਤੇ ਧਰਮ ਦੇ ਲੋਕ ਵੱਸਦੇ ਹਨ, ਪਰ ਦੁੱਖ ਇਸ ਗੱਲ ਹੈ ਕਿ ਇਥੇ ਸੰਵਿਧਾਨ ਦੀ ਉਲੰਘਣਾ ਕਰਕੇ ਘੱਟਗਿਣਤੀਆਂ ਪ੍ਰਤੀ ਵੱਖਰੀ ਨੀਤੀ ਤਹਿਤ ਅੱਗੇ ਵਧਿਆ ਜਾ ਰਿਹਾ ਹੈ।ਲਗਾਤਾਰ ਘੱਟਗਿਣਤੀ ਸਿੱਖਾਂ ਨੂੰ ਨਫ਼ਰਤ ਭਰੇ ਰਵੱਈਏ ਤਹਿਤ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਵਿਚ ਅਜਿਹੀ ਕੀ ਖਾਸੀਅਤ ਹੈ ਕਿ ਉਸ ਦੇ ਘਿਨੌਣੇ ਅਪਰਾਧਾਂ ਨੂੰ ਅੱਖੋਂ-ਓਹਲੇ ਕਰਕੇ ਉਸ ਨੂੰ ਬਾਰ-ਬਾਰ ਛੱਡਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਤਿੰਨ-ਤਿੰਨ ਦਹਾਕੇ ਦੀਆਂ ਸਜ਼ਾਵਾਂ ਮਗਰੋਂ ਵੀ ਕਈਆਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਗਈ।ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਘੱਟਗਿਣਤੀਆਂ ਪ੍ਰਤੀ ਪੱਖਪਾਤੀ ਰਵੱਈਆ ਨਾ ਅਪਨਾਉਣ ਅਤੇ ਸੰਵਿਧਾਨ ਦੇ ਦਾਇਰੇ ਤਹਿਤ ਹਰ ਧਰਮ ਦੇ ਲੋਕਾਂ ਨੂੰ ਹੱਕ ਹਕੂਕ ਯਕੀਨੀ ਬਣਾਉਣ।ਜੇਕਰ ਇਹੀ ਰਵੱਈਆ ਰਿਹਾ ਤਾਂ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਹੋਰ ਪ੍ਰਬਲ ਹੋਵੇਗਾ, ਜੋ ਦੇਸ਼ ਲਈ ਠੀਕ ਨਹੀਂ ਹੈ।ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਵਿਚ ਵੀ ਸਰਕਾਰਾਂ ਹਮਦਰਦੀ ਭਰੀ ਨੀਤੀ ਅਪਨਾਉਣ ਅਤੇ ਜੇਲਾਂ ਅੰਦਰ ਉਨ੍ਹਾਂ ਦੇ ਕਿਰਦਾਰਾਂ ਨੂੰ ਮੁੱਖ ਰੱਖ ਕੇ ਰਿਹਾਈ ਦਾ ਫੈਸਲਾ ਲੈਣ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …