Thursday, November 21, 2024

ਆਸਟ੍ਰੀਆ ’ਚ ਸਿੱਖ ਧਰਮ ਰਜਿਸਟਰਡ ਕਰਵਾਉਣ ਵਾਲੇ ਸਿੱਖ ਨੌਜੁਆਨ ਸਨਮਾਨਿਤ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਆਸਟ੍ਰੀਆ ’ਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜੁਆਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਰਜਿਸਟਰਡ ਕਮੇਟੀ ਆਸਟ੍ਰੀਆ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉਦਮ ਦੀ ਪ੍ਰਸ਼ੰਸ਼ਾ ਕੀਤੀ।ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੈਂਬਰ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵੀ ਮੌਜੂਦ ਸਨ।
ਇਥੇ ਪੁੱਜੇ ਸਿੱਖ ਧਰਮ ਰਜਿਸਟਰਡ ਕਮੇਟੀ ਆਸਟ੍ਰੀਆ ਦੇ ਮੁੱਖ ਸੇਵਾਦਾਰ ਭਾਈ ਹਰਮਨ ਸਿੰਘ ਨੇ ਦੱਸਿਆ ਕਿ ਆਸਟ੍ਰੀਆ ਸਿੱਖ ਧਰਮ ਰਜਿਸਟਰਡ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਹੈ।ਇਥੇ ਹੁਣ ਸਿੱਖ ਬੱਚਿਆਂ ਜਨਮ ਦੇ ਪ੍ਰਮਾਣ ਪੱਤਰ ਵਿੱਚ ਸਿੱਖੀ ਨੂੰ ਧਰਮ ਵਜੋਂ ਲਿਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਕਾਰਜ਼ ਲਈ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਕਿਉਂਕਿ ਲੋੜੀਂਦੇ ਦਸਤਵੇਜ਼ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਏ ਗਏ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਆਸਟ੍ਰੀਆ ਅੰਦਰ ਵੱਸਦੇ ਸਿੱਖਾਂ ਦੇ ਮਾਮਲਿਆਂ ਪ੍ਰਤੀ ਉਨ੍ਹਾਂ ਦੀ ਜਥੇਬੰਦੀ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ।ਭਾਈ ਹਰਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਮਨੋਰਥ ਸਿੱਖੀ ਨੂੰ ਦੇਸ਼ ਅੰਦਰ ਪ੍ਰਭਾਸ਼ਤ ਕਰਨਾ ਹੈ ਅਤੇ ਇਸ ਸਬੰਧ ਵਿਚ ਉਥੋਂ ਦੇ ਮੂਲ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ।ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੇ ਸਨਮਾਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਧਰਮ ਗਲੋਬਲ ਪੱਧਰ ’ਤੇ ਆਪਣੀ ਪਛਾਣ ਨਿਰਧਾਰਤ ਕਰ ਚੁੱਕਾ ਹੈ ਅਤੇ ਉਦਮੀ ਸਿੱਖ ਨੌਜੁਆਨ ਮੌਜੂਦਾ ਸਮੇਂ ਪੂਰੀ ਦੁਨੀਆਂ ਅੰਦਰ ਆਪੋ-ਆਪਣੇ ਯਤਨਾਂ ਨਾਲ ਸਿੱਖੀ ਦੀਆਂ ਰੀਤਾਂ ਰਸਮਾਂ ਅਤੇ ਮਰਯਾਦਾ ਨੂੰ ਉਭਾਰਨ ਵਿਚ ਕਾਰਜਸ਼ੀਲ ਹਨ।ਆਸਟ੍ਰੀਆ ਅੰਦਰ ਸਿੱਖ ਨੌਜੁਆਨਾਂ ਦਾ ਕਾਰਜ ਬੇਹੱਦ ਸ਼ਲਾਘਾਯੋਗ ਹੈ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਹਰ ਪੱਧਰ ’ਤੇ ਸਹਿਯੋਗ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਆਸਟ੍ਰੀਆ ਤੋਂ ਪੁੱਜੇ ਸਿੱਖ ਨੌਜੁਆਨ ਭਾਈ ਗੁਰਸ਼ਰਨ ਸਿੰਘ, ਸਤਰੀਬਨ ਸਿੰਘ, ਸਿਮਰਜੀਤ ਸਿੰਘ, ਵਰਿੰਦਰ ਸਿੰਘ ਆਦਿ ਮੌਜ਼ੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …