ਬਠਿੰਡਾ ਪਹੁੰਚਣ ‘ਤੇ ਭਾਰੀ ਗਿਣਤੀ ਵਿੱਚ ਸਮਾਜ ਸੇਵਕਾਂ ਵਲੋਂ ਸੁਆਗਤ

ਬਠਿੰਡਾ, 15ਦਸੰਬਰ (ਅਵਤਾਰ ਸਿੰਘ ਕੈਂਥ)- ਬਠਿੰਡਾ ਸ਼ਹਿਰ ਦੀ ਲਾਇਨੋਪਾਰ ਇਲਾਕੇ ਦੀ ਸਮਾਜ ਸੇਵਕਾ, ਅਧਿਆਪਕਾ ਅਤੇ ਪੰਜਾਬ ਐਜੂਕੇਸ਼ਨ ਸੁਸਾਇਟੀ ਦੀ ਜਨਰਲ ਸੈਕਟਰੀ ਮੈਡਮ ਰਾਜਬੀਰ ਕੌਰ ਨੂੰ 13 ਅਤੇ 14 ਦਸੰਬਰ ਨੂੰ ਭਾਰਤੀ ਦਲਿਤ ਸਾਹਿਤਕ ਐਕਡਮੀ ਦਿੱਲੀ ਵੱਲੋਂ ਨੈਸ਼ਨਲ ਐਵਾਰਡ ਵੀਰਾਂਗਨਾ ਸਵਿੱਤਰੀ ਬਾਈ ਫੂਲੇ ਰਾਸ਼ਟਰੀ ਫੈਲੋਸ਼ਿਪ ਸਨਮਾਨ 2014 ਨਾਲ ਸਨਮਾਨਿਤ ਕੀਤਾ ਗਿਆ। ਬਠਿੰਡਾ ਪਹੁੰਚਣ ‘ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਗੁੱਡਵਿਲ ਸੁਸਾਇਟੀ ਹਸਪਤਾਲ ਕੋਲ ਉਨ੍ਹਾਂ ਨੂੰ ਫੁੱਲਮਾਲਾਵਾਂ ਨਾਲ ਲੱਦ ਕੇ ਭਰਪੂਰ ਸੁਆਗਤ ਕੀਤਾ ਗਿਆ। ਰਾਜਵੀਰ ਕੌਰ ਨੇ ਇਸ ਮੌਕੇ ਸਮੂਹ ਸਮਾਜ ਸੇਵੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਨਹੀ ਸੀ ਪਤਾ ਕਿ ਮੇਰਾ ਇਤਨਾ ਪਿਆਰ,ਸਤਿਕਾਰ ਮੇਰੇ ਸ਼ਹਿਰ ਵਾਸੀ ਮੈਨੂੰ ਦੇਣਗੇ। ਇਥੇ ਜ਼ਿਕਰਯੋਗ ਇਹ ਹੈ ਕਿ ਰਾਜਬੀਰ ਕੌਰ ਜਿਸਨੇ 1990 ਤੋਂ 1996 ਤੱਕ ਪੰਜਾਬ ਪਬਲਿਕ ਸਕੂਲ ਅਤੇ 1996 ਤੋਂ 2011 ਤੱਕ ਗੁੱਡਵਿਲ ਪਬਲਿਕ ਹਾਈ ਸਕੂਲ ਵਿਖੇ ਬਤੌਰ ਹੈਡ ਟੀਚਰ ਦੇ ਤੌਰ ‘ਤੇ ਜਿੱਥੇ ਮਿਹਨਤ, ਹਿੰਮਤ ਅਤੇ ਨਿਰਸੁਆਰਥ ਭਾਵਨਾ ਨਾਲ ਕੰਮ ਕੀਤਾ, ਉਥੇ ਸਮਾਜ ਸੇਵਾ ਵਿੱਚ ਵੀਂ ਵੱਧ ਚੜ੍ਹ ਕੇ ਯੋਗਦਾਨ ਪਾਇਆ। ਅੱਜ ਕੱਲ ਮੈਡਮ ਰਾਜਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਵਿਖੇ ਲਾਇਬ੍ਰੇਰੀ ਅਧਿਆਪਕਾ ਅਤੇ ਵਿਦਿਆਰਥੀ ਕਾਨੂੰਨੀ ਸਾਖ਼ਰਤਾ ਕਲੱਬ ਦੀ ਇੰਨਚਾਰਜ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਦੀਆਂ ਯੋਗ ਸੇਵਾਵਾਂ ਸਦਕਾ ਮਾਨਯੋਗ ਉਪ ਮੁੱਖ ਮੰਤਰੀ ਸਿਕੰਦਰ ਸਿੰਘ ਮਲੂਕਾ, ਸੰਚਾਈ ਮੰਤਰੀ, ਜਨਮੇਜਾ ਸਿੰਘ ਸੇਖੋਂ, ਉੱਚ ਅਧਿਕਾਰੀਆਂ ਅਤੇ ਅਨੇਕਾਂ ਸੰਸਥਾਵਾਂ ਤੋਂ 65 ਤੋਂ 70 ਵਾਰ ਸਨਮਾਨ ਪਾ੍ਰਪਤ ਕਰ ਚੁੱਕੇ ਹਨ।
Punjab Post Daily Online Newspaper & Print Media