ਅੱਜ ਵੀ ਸਮਾਜ ਵਿੱਚ ਜਾਤ ਪਾਤ ਦਾ ਬੋਲਬਾਲਾ – ਪ੍ਰੋ. (ਡਾ.) ਰੌਣਕੀ ਰਾਮ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਡਾ. ਬੀ.ਆਰ ਅੰਬੇਦਕਰ ਦੇ ਆਰਥਿਕ ਦ੍ਰਿਸ਼ਟੀਕੋਣ ਅਤੇ ਭਾਰਤੀ ਸੰਵਿਧਾਨ ਦੇ ਬਦਲਦੇ ਰੂਪਾਂ ਵਿਸ਼ੇ `ਤੇ ਇੱਕ ਰੋਜ਼ਾ ਕੌਮੀ ਸੈਮੀਨਾਰ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਬੀ.ਆਰ ਅੰਬੇਦਕਰ ਚੇਅਰ ਵਲੋਂ ਕਾਨੂੰਨ ਵਿਭਾਗ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਗਿਆ।
ਮੁੱਖ ਬੁਲਾਰੇ ਵਜੋਂ ਪਹੁੰਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਪ੍ਰੋ. (ਡਾ.) ਰੌਣਕੀ ਰਾਮ ਪ੍ਰੋਫੈਸਰ ਸ਼ਹੀਦ ਭਗਤ ਸਿੰਘ ਚੇਅਰ ਨੇ ਡਾ. ਬੀ.ਆਰ ਅੰਬੇਦਕਰ ਦੀਆਂ ਲਿਖਤਾਂ ਬਾਰੇ ਗੱਲ ਕਰਦਿਆਂ ਸਮਾਜਿਕ ਲੋਕਤੰਤਰ ਦੇ ਸੰਕਲਪ ਵਿਸ਼ੇ `ਤੇ ਵਿਸਥਾਰ ਦਿੱਤਾ।ਉਨ੍ਹਾਂ ਡਾ. ਅੰਬੇਡਕਰ ਦੀਆਂ ਪ੍ਰਕਾਸ਼ਨ ਪ੍ਰਸਿੱਧ ਕਿਤਾਬਾਂ `ਕਾਸਟ ਇਨ ਇੰਡੀਆ: ਦਿਅਰ ਮੇਕੇਨਿਜ਼ਮ, ਜੈਨੇਸਿਸ ਐਂਡ ਡਿਵੈਲਪਮੈਂਟ` ਅਤੇ `ਐਨੀਹਿਲੇਸ਼ਨ ਆਫ਼ ਕਾਸਟ` `ਤੇ ਚਰਚਾ ਕੀਤੀ।ਉਨ੍ਹਾਂ ਨੇ ਡਾ. ਅੰਬੇਦਕਰ ਦੁਆਰਾ ਧਰਮ ਪਰਿਵਰਤਨ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਵਲੋਂ ਚੁੱਕੇ ਗਏ ਕ੍ਰਾਂਤੀਕਾਰੀ ਕਦਮਾਂ ਦੇ ਬਾਵਜ਼ੂਦ ਸਮਾਜ ਵਿੱਚ ਜਾਤ-ਪਾਤ ਦੀ ਪ੍ਰਥਾ ਅਜੇ ਵੀ ਕਾਇਮ ਹੈ।ਸੈਮੀਨਾਰ ਦੇ ਚਾਰ ਤਕਨੀਕੀ ਸੈਸ਼ਨਾਂ ਵਿੱਚ 40 ਤੋਂ ਵਧ ਪੇਪਰ ਪੇਸ਼ ਕੀਤੇ ਗਏ।
ਇਸ ਤੋਂ ਪਹਿਲਾਂ ਡਾ. ਬੀ.ਆਰ.ਅੰਬੇਦਕਰ ਚੇਅਰ ਦੇ ਪ੍ਰੋਫੈਸਰ ਅਤੇ ਸੈਮੀਨਾਰ ਦੇ ਡਾਇਰੈਕਟਰ, ਡਾ. ਕੁਲਦੀਪ ਕੌਰ ਨੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਬਾਰੇ ਜਾਣੂ ਕਰਵਾਇਆ।
ਖ਼ਾਲਸਾ ਕਾਲਜ ਆਫ਼ ਲਾਅ, ਅੰਮ੍ਰਿਤਸਰ ਦੇ ਪ੍ਰਿੰਸੀਪਲ-ਕਮ-ਡਾਇਰੈਕਟਰ ਪ੍ਰੋ. (ਡਾ.) ਜਸਪਾਲ ਸਿੰਘ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਡਾ. ਬੀ.ਆਰ ਅੰਬੇਡਕਰ ਦੇ ਆਰਥਿਕ ਦ੍ਰਿਸ਼ਟੀਕੋਣ ਦੇ ਵੱਖ-ਵੱਖ ਸੰਕਲਪਾਂ ਨੂੰ ਉਜਾਗਰ ਕਰਦਿਆਂ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਤੋਂ ਮੁਦਰਾ ਅਰਥ ਸ਼ਾਸਤਰ ‘ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਕੁਲਦੀਪ ਕੌਰ ਵੱਲੋਂ ਸੰਪਾਦਿਤ ਪੁਸਤਕ ਵੀ ਰਿਲੀਜ਼ ਕੀਤੀ ਗਈ।ਕਾਨੂੰਨ ਵਿਭਾਗ ਦੇ ਮੁਖੀ ਅਤੇ ਸੈਮੀਨਾਰ ਦੇ ਕੋ-ਡਾਇਰੈਕਟਰ ਪ੍ਰੋਫੈਸਰ ਡਾ. ਪਵਨ ਕੁਮਾਰ ਨੇ ਉਦਘਾਟਨੀ ਸੈਸ਼ਨ ‘ਚ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਡਾ. ਬਿਮਲਦੀਪ ਸਿੰਘ ਐਸੋਸੀਏਟ ਪ੍ਰੋਫੈਸਰ ਨੇ ਸਮਾਪਤੀ ਸੈਸ਼ਨ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ। .