ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ `ਖੇਤੀ ਭਾਰਤ ਦਾ ਦੂਜਾ ਵਿਕਾਸ ਇੰਜਣ` ਵਿਸ਼ੇ ‘ਤੇ ਸ. ਜਗਤਾਰ ਸਿੰਘ ਢੇਸੀ ਯਾਦਗਾਰੀ ਲੈਕਚਰ ਲੜੀ ਤਹਿਤ 7ਵਾਂ ਲੈਕਚਰ ਕਰਵਾਇਆ ਗਿਆ।ਜਿਸ ਦੌਰਾਨ ਦੇਸ਼ ਦੀ ਆਰਥਿਕਤਾ ਵਿੱਚ ਖੇਤੀਬਾੜੀ ਦੇ ਪੱਛੜੇ ਹੋਣ ਲਈ ਜ਼ਿੰਮੇਵਾਰ ਕਾਰਕਾਂ `ਤੇ ਚਾਨਣਾ ਪਾਇਆ।
ਪ੍ਰਸਿੱਧ ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਇਹ ਭਾਸ਼ਣ ਦਿੰਦਿਆਂ ਖੇਤੀਬਾੜੀ ਰਾਹੀਂ ਭਾਰਤ ਦੀਆਂ ਆਰਥਿਕ ਨੂੰ ਹੋਰ ਚੁੱਕਾ ਚੁੱਕਣ ਬਾਰੇ ਵਿਸਥਾਰ ਵਿਚ ਨੁਕਤੇ ਪੇਸ਼ ਕੀਤੇ।ਇਸ ਸਮਾਗਮ ਦੀ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਬੇਦੀ ਅਤੇ ਯੂਨੀਵਰਸਿਟੀ ਦੇ ਨਿਰਦੇਸਸ਼ਕ ਖੋਜ ਡਾ. ਰੇਣੂ ਭਾਰਦਵਾਜ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਸਕੂਲ ਆਫ਼ ਸੋਸ਼ਲ ਸਾਇੰਸਜ਼ ਦੇ ਮੁਖੀ ਡਾ. ਅੰਜਲੀ ਮਹਿਰਾ ਵੱਲੋਂ ਸ਼ਾਰਿਆਂ ਦਾ ਸਵਾਗਤ ਕਰਦਿਆਂ ਵਿਸ਼ੇ ਬਾਰੇ ਦੱਸਿਆ।
ਡਾ. ਸ਼ਰਮਾ ਨੇ ਖੇਤੀਬਾੜੀ ਸਬੰਧੀ ਵੱਖ-ਵੱਖ ਉਦਾਹਰਣਾਂ ਨਾਲ ਕਿਸਾਨਾਂ ਦੀ ਸਥਿਤੀ ਬਾਰੇ ਚਾਨਣਾ ਪਾਇਆ ਅਤੇ ਖੇਤੀਬਾੜੀ ਦੀ ਉਨਤੀ ਲਈ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ।ਉਨ੍ਹਾਂ ਵਿਸ਼ਵ ਭਰ ਵਿੱਚ ਖੇਤੀਬਾੜੀ ਨਾਲ ਸਬੰਧਤ ਮੁੱਖ ਸੰਕਲਪਾਂ ਬਾਰੇ ਗੱਲਬਾਤ ਕਰਦਿਆਂ ਪਹੁੰਚ ਵਿਧੀਆਂ, ਮਾਡਲਾਂ ਅਤੇ ਸਿਧਾਂਤਕ ਨਿਰਮਾਣਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਅਤੇ ਖੇਤੀਬਾੜੀ ਨੂੰ ਉਚੇਰੇ ਪੱਧਰ ਦਾ ਕਿੱਤਾ ਦੱਸਿਆ।ਉਨ੍ਹਾਂ ਵੱਲੋਂ ਖੇਤੀਬਾੜੀ ਨੂੰ ਭਾਰਤੀ ਅਰਥਵਿਵਸਥਾ ਲਈ ਵਿਕਾਸ ਦਾ ਦੂਜਾ ਇੰਜਣ ਬਣਾਉਣ ਲਈ ਵੱਖ-ਵੱਖ ਸੁਝਾਅ ਦਿੱਤੇ ਗਏ।ਉਨ੍ਹਾਂ ਵੱਲੋਂ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ ਗਏ।