ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ ਵਿਭਾਗ ਵਲੋਂ ‘ਟੈਕ-ਫੈਸਟ 2023’
ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ’ਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਮਾਗਮ ਦੌਰਾਨ ਜਿੱਥੇ ਕੰਪਿਊਟਰ ਵਿੱਦਿਆ ’ਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 18 ਕਾਲਜਾਂ ਅਤੇ 8 ਸਕੂਲਾਂ ਤੋਂ ਆਈਆਂ ਟੀਮਾਂ ਦਰਮਿਆਨ ਅੰਤਰ-ਕਾਲਜ ਅਤੇ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ।ਸਕੂਲਾਂ ’ਚੋਂ ਬਰਾਈਟਲੈਂਡ ਸਕੂਲ ਓਵਰਆਲ ਟਰਾਫੀ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਅੰਮ੍ਰਿਤਸਰ ਦੂਜੇ ਅਤੇ ਸਰਕਾਰੀ ਹਾਈ ਸਕੂਲ ਪੁਤਲੀਘਰ ਤੀਜੇ ਸਥਾਨ ’ਤੇ ਰਿਹਾ।ਕਾਲਜਾਂ ’ਚੋਂ ਓਵਰਆਲ ਟਰਾਫੀ ਖਾਲਸਾ ਕਾਲਜ, ਫ਼ੋਰ ਐਸ ਕਾਮਰਸ ਕਾਲਜ ਫਾਰ ਵੂਮੈਨ ਨੇ ਦੂਸਰਾ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਪਹਿਲਾਂ ਪ੍ਰੋਗਰਾਮ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਮੁੱਖ ਮਹਿਮਾਨ ਅਤੇ ਡਾ. ਪਰਮਿੰਦਰ ਕੌਰ, ਹੈਡ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾ. ਰਮਿੰਦਰ ਕੌਰ, ਪ੍ਰੋਫੈਸਰ ਸਕੂਲ ਆਫ਼ ਪੰਜਾਬੀ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਬਤੌਰ ਗੈਸਟ ਆਫ਼ ਆਨਰ ਵਜੋਂ ਪੁੱਜਣ ’ਤੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ, ਕੋ-ਆਰਡੀਨੇਟਰ ਅਤੇ ਕੰਪਿਊਟਰ ਸਾਇੰਸ ਵਿਭਾਗ ਮੁਖੀ ਪ੍ਰੋ. ਹਰਭਜਨ ਸਿੰਘ ਅਤੇ ਟੈਕ-ਇਰਾ ਕੰਪਿਊਟਰ ਸੁਸਾਇਟੀ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਵਲੋਂ ਸਵਾਗਤ ਕੀਤਾ ਗਿਆ।
ਈ-ਵੇਸਟ ਮੈਨੇਜਮੈਂਟ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਨੂੰ ਜ਼ਿਲ੍ਹਾ ਨਗਰ ਨਿਗਮ ਤੋਂ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਅਤੇ ਚੀਫ਼ ਐਸ.ਆਈ ਰਣਜੀਤ ਸਿੰਘ ਵਲੋਂ ਪੇਸ਼ ਕੀਤਾ ਗਿਆ।ਡਾ. ਯੋਗੇਸ਼ ਅਰੋੜਾ ਨੇ ਇਲੈਕਟ੍ਰੋਨਿਕ ਵੇਸਟ ਦੀਆਂ ਕਿਸਮਾਂ ਅਤੇ ਈ-ਵੇਸਟ ਨੂੰ ਮੈਨੇਜ ਕਰਨ ਬਾਰੇ ਜਾਗਰੂਕ ਕਰਵਾਇਆ।ਟੈਕ ਫੈਸਟ ਜੋ ਕਿ ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਦਾ ਸੁਮੇਲ ਹੈ, ’ਚ ਬ੍ਰੇਨ-ਓ-ਮੈਨੀਆ, ਕੋਡ ਮੈਰਾਥਨ, ਵੈਬ ਨੈਕਸਿਸ, ਵੈਬ ਬਲਾਗ, ਟੈਕ ਰੰਗੋਲੀ, ਟੈਕ ਕੋਲਾਜ, ਆਈ.ਟੀ ਚਾਰਟ ਇੰਨੋਵੇਸ਼ਨ, ਟੈਕਨੋ ਰੀਲਜ਼, ਜੰਕ ਵਾਰ ਆਦਿ 10 ਈਵੈਂਟ ਕਰਵਾਏ ਗਏ। ਸਮਾਰੋਹ ’ਚ ਸੂਬੇ ਦੇ 18 ਕਾਲਜਾਂ ਅਤੇ 8 ਸਕੂਲਾਂ ’ਚੋਂ 122 ਟੀਮਾਂ ਨੇ ਸ਼ਿਰਕਤ ਕੀਤੀ।
ਲਾਇਲਪੁਰ ਖਾਲਸਾ ਕਾਲਜ ਜਲੰਧਰ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਗਲੋਬਲ ਇੰਸਟੀਟਿਉਟ, ਖਾਲਸਾ ਕਾਲਜ ਵੂਮੈਨ ਅੰਮ੍ਰਿਤਸਰ, ਫੋਰ ਐਸ ਕਾਮਰਸ ਕਾਲਜ ਫਾਰ ਵੂਮੈਨ ਅਤੇ ਸਕੂਲਾਂ ’ਚੋਂ ਸਰਕਾਰੀ ਹਾਈ ਸਕੂਲ ਪੁਤਲੀਘਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ, ਬਰਾਈਟਲੈਂਡ ਸਕੂਲ ਅੰਮਿ੍ਰਤਸਰ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲ ਬਾਗ ਆਦਿ ਵਿਦਿਆਰਥੀਆਂ ਨੇ ਭਾਗ ਲਿਆ।
ਡਾ. ਮਹਿਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਜੇਤੂਆਂ ਨੂੰ ਵਧਾਈ ਦਿੱਤੀ।ਉਨ੍ਹਾਂ ਟੈਕ-ਫੈਸਟ ਨੂੰ ਸਫਲਤਾ ਪੂਰਵਕ ਕਰਵਾਉਣ ’ਤੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਸਮਾਗਮ ਮੌਕੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਡਾ. ਮਨੀ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ: ਸੁਖਵਿੰਦਰ ਕੌਰ, ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੂਰੀਤ ਕੌਰ, ਪ੍ਰੋ: ਸਿਮਰਨਜੀਤ ਕੌਰ, ਪ੍ਰੋ: ਗੁਨੀਤ ਕੌਰ, ਪ੍ਰੋ: ਕੀਰਤੀ ਬਾਲਾ ਅਤੇ ਪ੍ਰੋ: ਵਿਸ਼ਾਲ ਗੁਪਤਾ, ਪ੍ਰੋ: ਰੁਪਿੰਦਰ ਕੌਰ ਅਤੇ ਪ੍ਰੋ: ਸੋਨਾਲੀ ਤੁਲੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media