
ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ) ਅੇਡਵੋਕੇਟ ਅਮਿਤ ਵਿਦ੍ਰੋਹੀ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ 11 ਦਿਨਾਂ ਦੇ ਬਾਅਦ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਵਕੀਲਾਂ ਨੇ ਆਪਣਾ ਕੰਮ ਕਾਜ ਬੰਦ ਰੱਖਿਆ ਅਤੇ ਕਚਿਹਰੀ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਰੋਕੀ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸੇਠੀ ਨੇ ਕਿਹਾ ਕਿ ਅਮਿਤ ਵਿਦ੍ਰੋਹੀ ਦੇ ਇਕ ਵਿਆਹ ਸਮਾਗਮ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿੰਨਾਂ ਦੇ ਖਿਲਾਫ ਧਾਰਾ 307 ਤਹਿਤ ਕੇਸ ਦਾ ਦਰਜ਼ ਕਰ ਲਿਆ ਗਿਆ ਪਰ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਲਈ ਉਹਨਾਂ ਨੂੰ ਪੰਜਾਬ ਬੰਦ ਦਾ ਸੱਦਾ ਦੇਣਾ ਪਿਆ। ਐਸੋਸੀਏਸ਼ਨ ਦੇ ਸਕੱਤਰ ਪ੍ਰਮੋਦ ਨੰਦਾ ਨੇ ਚੇਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਵਿੱਚ ਨਾਮਜਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹਾਈ ਕੋਰਟ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕਰਾਉਣਗੇ। ਉਧਰ ਡੀ.ਸੀ.ਪੀ ਬਿਕਰਮਪਾਲ ਸਿੰਘ ਭੱਟੀ ਨੇ ਕਿਹਾ ਹੈ ਕਿ ਐਡਵੋਕੇਟ ਵਿਦ੍ਰੋਹੀ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਜੋ ਧਾਰਾ 307 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ ਉਹ ਰੱਦ ਕਰ ਦਿੱਤਾ ਗਿਆ ਹੈ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੇਸ ਦੀ ਜਾਂਚ ਸਬੰਧੀ ਦਿੱਤੀਆਂ ਹਦਾਇਤਾਂ ਮੁਤਾਬਿਕ ਨਿਰਪੱਖ ਜਾਂਚ ਕੀਤੀ ਜਾਵੇਗੀ।

Punjab Post Daily Online Newspaper & Print Media