ਧੀ ਨੂੰ ਸਰਕਾਰੀ ਸਕੂਲ ‘ਚ ਕਰਵਾਇਆ ਦਾਖਲ
ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਮੁਲਾਜਮਾਂ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਮੁਲਾਜਮ ਆਗੂ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ
ਵਿੱਚ ਦਾਖਲ ਕਰਵਾਉਣ ਲੱਗੇ ਹਨ।ਅਜਿਹੀ ਹੀ ਵੱਡੀ ਪਹਿਲ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਲੜਾਈ ਲੜ ਰਹੀ ਮੁਲਾਜ਼ਮ ਜਥੇਬੰਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਬਰਨਾਲਾ ਦੇ ਕਨਵੀਨਰ ਰਮਨਦੀਪ ਬਰਨਾਲਾ ਨੇ ਆਪਣੀ ਬੇਟੀ ਨੁੰ ਵੱਡੇ ਪ੍ਰਾਈਵੇਟ ਸਕੂਲ ਚੋਂ ਹਟਾ ਕੇ ਸਪ੍ਰਸ ਹੋਸਟਲ ਬਰਨਾਲਾ ਵਿਖੇ ਪਹਿਲੀ ਜਮਾਤ ਵਿੱਚ ਦਾਖਲ ਕਰਵਾਇਆ ਹੈ।ਰਮਨਦੀਪ ਬਰਨਾਲਾ ਮੁਲਾਜਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਬਰਨਾਲੇ ਜਿਲ੍ਹੇ ਦੀ ਅਗਵਾਈ ਕਰ ਰਹੇ ਹਨ।ਉਨਾਂ ਨੇ ਆਪਣੀ ਧੀ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਜਿਥੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ, ਲਿਆਕਤ, ਕਾਬਲੀਅਤ ਨੂੰ ਸਲਾਮ ਕੀਤਾ ਹੈ, ਉਥੇ ਉਨ੍ਹਾ ਅਨੇਕਾਂ ਲੋਕਾਂ ਦੇ ਦਾਅਵਿਆਂ ਨੂੰ ਝੂਠਾ ਸਾਬਤ ਕੀਤਾ ਹੈ, ਜਿਹੜੇ ਕਹਿੰਦੇ ਸੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਨਹੀ ਕਰਵਾਉਂਦੇ।
ਇਸੇ ਦੌਰਾਨ ਜਥੇਬੰਦੀ ਦੇ ਸੀਨੀਆਰ ਆਗੂਆਂ ਅਤਿੰਦਰਪਾਲ ਘੱਗਾ, ਜਸਵੀਰ ਭੰਮਾ, ਅਮ੍ਰਿਤ ਹਰੀਗੜ੍ਹ, ਪੁਨੀਤ ਤਪਾ ਅਤੇ ਡੀ.ਟੀ.ਐਫ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ, ਜਿਲ੍ਹਾ ਆਗੂ ਮਨਮੋਹਨ ਭੱਠਲ, ਡੀ.ਐਮ.ਐਫ ਦੇ ਸੂਬਾ ਜਰਨਲ ਸਕੱਤਰ ਹਰਦੀਪ ਟੋਡਰਪੁਰ ਤੋਂ ਇਲਾਵਾ ਖੁਸਵਿੰਦਰਪਾਲ, ਬਲਜਿੰਦਰ ਪ੍ਰਭੂ ਅਤੇ ਰਾਜਿੰਦਰ ਮੁਲੋਵਾਲ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੂਬਾ ਆਗੂ ਨਾ ਸਿਰਫ ਮੁਲਾਜ਼ਮ ਹੱਕਾਂ ਲਈ ਲੜਦੇ ਨੇ, ਸਗੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਨਵੀਆਂ ਪਹਿਲਕਦਮੀਆਂ ਕਰਦਿਆਂ ਅਧਿਆਪਕ/ ਮੁਲਾਜ਼ਮ ਵਰਗ ਲਈ ਪ੍ਰੇਰਣਾ ਬਣਦੇ ਹਨ।
ੳਨ੍ਹਾ ਕਿਹਾ ਕਿ ਸਰਕਾਰ ਨੂੰ ਵੀ ਸਿਰਫ ਬਿਆਨਬਾਜ਼ੀ ਕਰਨ ਦੀ ਬਜ਼ਾਏ ਕਾਨੂੰਨ ਬਣਾਉਣਾ ਚਾਹੀਂਦਾ ਹੈ ਕਿ ਜੋ ਕੋਈ ਵੀ ਸਰਕਾਰੀ ਖਜ਼ਾਨੇ ‘ਚੋਂ ਤਨਖਾਹ ਲੈਂਦਾ ਹੈ, ਉਸਦੇ ਬੱਚੇ ਸਰਕਾਰੀ ਸਕੂਲ ਵਿੱਚ ਪੜਾਉਣੇ ਲਾਜ਼ਮੀ ਹੋਣ।
Punjab Post Daily Online Newspaper & Print Media