ਮਾਦਪੁਰ ਨੇ 400 ਮੀਟਰ ਰੇਸ, 100 ਤੇ 400 ਮੀਟਰ ਰਿਲੇਅ ‘ਚ ਸੋਨ ਅਤੇ 200 ਮੀਟਰ ਵਿੱਚ ਕਾਂਸੀ ਦਾ ਤਮਗੇ ਜਿੱਤੇ
ਸਮਰਾਲਾ, 4 ਅਪ੍ਰੈਲ (ਇੰਦਰਜੀਤ ਸਿੰਘ ਕੰਗ) – 42ਵੀਂ ਨੈਸ਼ਨਲ ਵੈਟਰਨ ਐਥਲੈਟਿਕਸ ਚੈਪੀਅਨਸ਼ਿਪ-2023 ਜੋ ਕਿ ਬੀਤੇ ਦਿਨੀਂ ਬੈਂਗਲੋਰੂ (ਕਰਨਾਟਕ) ਵਿਖੇ ਆਯੋਜਿਤ ਕੀਤੀ ਗਈ।ਇਸ ਚੈਂਪੀਅਨਸ਼ਿਪ ਵਿੱਚ 35+ ਤੋਂ ਲੈ ਕੇ 85+ ਸਾਲ ਤੱਕ ਦੇ ਵੱਖ ਵੱਖ ਉਮਰ ਵਰਗ ਦੇ ਪੂਰੇ ਭਾਰਤ ਵਿੱਚੋਂ 1000 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਸਮਰਾਲਾ ਇਲਾਕੇ ਵਲੋਂ ਭਾਗ ਲੈਂਦੇ ਹੋਏ ਹਰਭਜਨ ਸਿੰਘ ਮਾਦਪੁਰ ਨੇ 75+ ਦੇ ਵੱਖ-ਵੱਖ ਈਵੈਂਟਾਂ ਵਿੱਚ ਤਮਗੇ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ।400 ਮੀਟਰ ਦੌੜ ਵਿੱਚ ਹਿੱਸਾ ਲੈਂਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ। 70+ ਉਮਰ ਵਰਗ ਵਿੱਚ 100 ਮੀਟਰ ਰਿਲੇਅ ਦੌੜ ਦੌੜਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ।ਇਸੇ ਤਰ੍ਹਾਂ 400 ਮੀਟਰ ਰਿਲੇਅ ਦੌੜ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। 200 ਮੀਟਰ ਰੇਸ ਵਿੱਚ ਭਾਗ ਲੈਂਦੇ ਹੋਏ ਤੀਜ਼ਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਨਾਲ ਸਬਰ ਕਰਨਾ ਪਿਆ।ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਉਪਰੰਤ ਸਮਰਾਲਾ ਪੁੱਜਣ ਹਰਭਜਨ ਸਿੰਘ ਮਾਦਪੁਰ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਜਾਹਰ ਕਰਦੇ ਹੋਏ ਕਿਹਾ ਕਿ ਇਸ ਉਪਰੰਤ ਏਸ਼ੀਅਨ ਐਥਲੈਟਿਕਸ ਮੀਟ ਜੋ ਥਾਈਲੈਂਡ ਵਿਖੇ ਹੋਣੀ ਹੈ, ਵਿੱਚ ਭਾਗ ਲੈ ਕੇ ਸਮਰਾਲਾ ਇਲਾਕੇ ਤੋਂ ਇਲਾਵਾ ਭਾਰਤ ਦਾ ਨਾਂ ਰੌਸ਼ਨ ਕਰਨਗੇ।ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਬਦਲੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਸਾਹਿਤਕ ਜਥੇਬੰਦੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।