Sunday, March 15, 2026

ਕਾਂਗਰਸ ਐਮ.ਪੀ ਵੱਲੋਂ ਸੰਸਦ ਵਿਚ ਸ੍ਰੀ ਹਰਿਮੰਦਰ ਸਾਹਿਬ ਬਾਰੇੇ ਬੇਸਮਝ ਹੋ ਕੇ ਕੀਤੀ ਬਿਆਨਬਾਜੀ ਮੰਦਭਾਗੀ – ਜਥੇਦਾਰ

ਰੂਹਾਨੀ ਅਤੇ ਸਰਬ-ਸਾਂਝੇ ਕੇਂਦਰ ‘ਤੇ ਹਮਲਾ ਕਰਨ ਵਾਲੇ ਨੂੰ ਸਿੱਖਾਂ ਨੇ ਖ਼ਾਲਸਈ ਰਵਾਇਤਾਂ ਅਨੁਸਾਰ ਦਿੱਤਾ ਜਵਾਬ

G. Gurbachan Singhਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰੇ ਸਿੱਖ ਪੰਥ ਦੀ ਆਸਥਾ ਅਤੇ ਕੌਮੀ ਪ੍ਰੇਰਨਾ ਦੇ ਸ੍ਰੋਤ ਹਨ।ਸ੍ਰੀ ਹਰਿਮੰਦਰ ਸਾਹਿਬ ਵਿਚੋਂ ਸਮੁੱਚੀ ਮਨੁੱਖਤਾ ਨਤਮਸਤਕ ਹੋ ਕੇ ਰੂਹਾਨੀ ਤੌਰ ‘ਤੇ ਤ੍ਰਿਪਤ ਹੁੰਦੀ ਹੈ।ਗੈਰ ਸਿੱਖ ਸੰਗਤਾਂ ਦਾ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅਉਣਾ ਇਸ ਗੱਲ ਦਾ ਪ੍ਰਤੱਖ ਸਬੂਤ ਹਨ।ਇਹ ਸ਼ਬਦ ਮਾਣਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਹੇ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਐਮ.ਪੀ ਵੱਲੋਂ ਸੰਸਦ ਵਿਚ ਰੂਹਾਨੀ ਅਤੇ ਸਰਬ-ਸਾਂਝੇ ਕੇਂਦਰ ‘ਤੇ ਸਿੱਖ ਰਹੁ-ਰੀਤਾਂ ਤੋਂ ਬੇਸਮਝ ਹੋ ਕੇ ਕੀਤੀ ਬਿਆਨਬਾਜੀ ਬਹੁਤ ਹੀ ਮੰਦਭਾਗੀ ਹੈ।ਇਸ ਗੱਲ ਦਾ ਸਖ਼ਤ ਨੋਟਿਸ ਲੈਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਦਾ ਇਹ ਗੌਰਵਮਈ ਇਤਿਹਾਸ ਹੈ ਕਿ ਜਦੋਂ ਵੀ ਕਿਸੇ ਹਮਲਾਵਰ ਨੇ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕੀਤਾ ਹੈ ਤਾਂ ਸਿੱਖਾਂ ਨੇ ਖ਼ਾਲਸਈ ਰਵਾਇਤਾਂ ਅਨੁਸਾਰ ਇਸ ਹਮਲੇ ਦਾ ਜਵਾਬ ਵੀ ਦਿੱਤਾ ਹੈ। ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਦੀਆਂ ਸ਼ਹਾਦਤਾਂ ਇਸ ਤਵਾਰੀਖੀ ਸਾਕੇ ਦੀਆਂ ਚਸ਼ਮਦੀਦ ਗਵਾਹ ਹਨ।

ਅਜੋਕੇ ਯੁੱਗ ਵਿਚ ਜੇ ਲੋਕਤੰਤਰੀ ਸਰਕਾਰਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕੀਤਾ ਹੈ ਤਾਂ ਕੌਮ ਨੇ ਇਨ੍ਹਾਂ ਹਮਲਿਆਂ ਦਾ ਖ਼ਾਲਸਈ ਰਵਾਇਤਾਂ ਅਨੁਸਾਰ ਮੂੰਹ-ਤੋੜ ਜਵਾਬ ਦਿੱਤਾ ਹੈ।ਇਹਨਾਂ ਹਮਲਿਆਂ ਦਾ ਜਵਾਬ ਦੇਣ ਵਾਲੇ ਬਹਾਦਰ ਸਿੱਖ ਕੌਮ ਦੇ ਜਾਂਬਾਜ ਸ਼ਹੀਦ ਹਨ।ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਵਿਖੇ ਸ਼ੁਸ਼ੋਭਿਤ ਹਨ।ਜਿਹੜੇ ਲੋਕ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਇਤਰਾਜ ਕਰਦੇ ਹਨ, ਉਹ ਸਿੱਖ ਇਤਿਹਾਸ ਅਤੇ ਖ਼ਾਲਸਾਈ ਰਹੁ-ਰੀਤਾਂ ਦੀ ਜਾਣਕਾਰੀ ਤੋਂ ਕੋਰੇ ਹਨ।

ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿਚ ਸ਼ਹੀਦੀ ਯਾਦਗਾਰਾਂ ਦਾ ਨਿਰਮਾਣ ਕਰਵਾ ਕੇ ਪੰਜਾਬ ਦੇ ਗੌਰਵਮਈ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਨਿਵੇਕਲਾ ਕਾਰਜ ਕੀਤਾ ਹੈ।ਵੱਡਾ ਘੱਲੂਘਾਰੇ, ਛੋਟਾ ਘੱਲੂਘਾਰੇ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੁਣ ਪੰਜਾਬੀਆਂ ਵੱਲੋਂ ਭਾਰਤ ਦੀ ਆਜਾਦੀ ਲਈ ਲੜੇ ਸ਼ਹੀਦਾਂ ਦੀ ਯਾਦਗਾਰਾਂ ਬਣਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ।ਜਿਸ ਤੋਂ ਨੌਜਵਾਨ ਪੀੜ੍ਹੀ ਦੇਸ਼-ਭਗਤੀ ਲਈ ਪ੍ਰੇਰਨਾ ਲੈਂਦੀ ਹੈ।

ਸਿੰਘ ਸਾਹਿਬ ਜੀ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਜਮਾਤ ਸ਼ੁਰੂ ਤੋਂ ਹੀ ਸਿੱਖ ਗੁਰਧਾਮਾਂ ਵਿਚ ਦਖ਼ਲ-ਅੰਦਾਜ਼ੀ ਅਤੇ ਗੁਰਦੁਆਰਿਆਂ ਸਬੰਧੀ ਹੋਸ਼ੇ ਬਿਆਨ ਦਿੰਦੀ ਆ ਰਹੀ ਹੈ।ਇਹ ਬਿਆਨ ਕਾਂਗਰਸ ਵੱਲੋਂ ਪੰਜਾਬ ਦੀ ਸ਼ਾਂਤ ਫਿਜ਼ਾ ਵਿਚ ਜਹਿਰ ਘੋਲਣ ਦੇ ਬਰਾਬਰ ਹੈ, ਜਿਸਤੋਂ ਇਸ ਪਾਰਟੀ ਦੀ ਫਿਰਕੂ ਜਹਿਨੀਅਤ ਦਾ ਪ੍ਰਗਟਾਵਾ ਹੁੰਦਾ ਹੈ।ਅੱਜ ਜੇ ਸੰਸਾਰ ਪੱਧਰ ‘ਤੇ ਸਿੱਖ ਕੌਮ ਦੀ ਪਹਿਚਾਣ ਹੈ ਤਾਂ ਇਹਨਾਂ ਗੁਰਧਾਮਾਂ ਕਰਕੇ ਹੀ ਹੈ, ਜਿਥੋਂ ਕੌਮ ਨੂੰ ਜੀਵਨ ਪ੍ਰੇਰਨਾ ਮਿਲਦੀ ਹੈ।ਕਾਂਗਰਸ ਪਾਰਟੀ ਨੂੰੰ ਆਪਣੀ ਫਿਰਕੂ-ਸੋਚ ਨੂੰ ਤਿਆਗਣਾ ਚਾਹੀਦਾ ਹੈ, ਕਿਉਂਕਿ ਪਿਛਲੇ ਸਮੇਂ ਵਿਚ ਦੇਸ਼ ‘ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਸਮੇਂ ਵੀ ਰਾਹਤ ਕਾਰਜਾਂ ਦੀ ਮੁਹਿੰਮ ਵੀ ਕੌਮ ਨੇ ਇਹਨਾਂ ਗੁਰਦੁਆਰਿਆਂ ਵਿਚੋਂ ਹੀ ਚਲਾਈ, ਜਿਸਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਲਾਹਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਸਰਬ-ਸਾਂਝੇ ਉਪਦੇਸ਼ ਸਬੰਧੀ ਉਨ੍ਹਾਂ ਕਿਹਾ ਕਿ ਇਸ ਅਸਥਾਨ ‘ਤੇ ਤਾਂ ਕਿਸੇ ਵਿਅਕਤੀ ਦੀ ਸੰਗਤੀ ਅਰਦਾਸ ਵੀ ਨਹੀਂ ਕੀਤੀ ਜਾਂਦੀ।ਇਨ੍ਹਾਂ ਲੋਕਾਂ ਨੂੰ ਆਪਣੀ ਮਾਨਸਿਕਤਾ ਬਦਲਣ ਲਈ ਸਿੱਖ ਸਿਧਾਂਤਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਹੋਣ ਦੀ ਜਰੂਰਤ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply