‘ਰਾਹੀ ਸਕੀਮ’ ਅਧੀਨ ਈ-ਰਿਕਸ਼ਾ ਚਾਲਕਾਂ ਦੀ ਨਿਗਮ ਕਮਿਸ਼ਨਰ, ਸਕੱਤਰ ਆਰ.ਟੀ.ਏ ਤੇ ਇੰਚਾਰਜ਼ ਟ੍ਰੈਫਿਕ ਨਾਲ ਮੀਟਿੰਗ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਸ਼ਹਿਰ ਵਿਚ ਚੱਲ ਰਹੇ ਈ-ਰਿਕਸ਼ਾ ਚਾਲਕ, ਸਮਾਜ ਸੇਵਕ ਮਨਦੀਪ ਸਿੰਘ ਮੰਨਾ ਦੀ ਅਗਵਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਨਿਗਮ ਕਮਿਸ਼ਨਰ-ਕਮ-ਸੀ.ਈ.ਓ ਸਮਾਰਟ ਸਿਟੀ ਰਿਸ਼ੀ ਸਨਮੁੱਖ ਪੇਸ਼ ਹੋਏ ਅਤੇ ਰਾਹੀ ਸਕੀਮ ਅਧੀਨ ਈ-ਰਿਕਸ਼ਾ ਨੂੰ ਲੈ ਕੇ ਰੋਜ਼ਾਨਾ ਅਖਬਾਰਾਂ ਵਿੱਚ ਇਹਨਾਂ ਦੇ ਬੰਦ ਹੋਣ ਦੀਆਂ ਖ਼ਬਰਾਂ ਦਾ ਨੋਟਿਸ ਲੈ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ।ਇਸ ਮੀਟਿੰਗ ਵਿੱਚ ਨਿਗਮ ਕਮਿਸ਼ਨਰ ਤੋਂ ਇਲਾਵਾ ਸਕੱਤਰ ਆਰ.ਟੀ.ਏ ਅਰਸ਼ਦੀਪ ਸਿੰਘ ਅਤੇ ਇੰਚਾਰਜ਼ ਟ੍ਰੈਫਿਕ ਪੁਲੀਸ ਵੀ ਸ਼ਾਮਿਲ ਹੋਏ।
ਮੀਟਿੰਗ ਵਿੱਚ ਕਮਿਸ਼ਨਰ ਰਿਸ਼ੀ ਨੇ ਹਾਜ਼ਰ ਈ-ਰਿਕਸ਼ਾ ਚਾਲਕਾਂ ਨੂੰ ਸਪੱਸ਼ਟ ਕੀਤਾ ਕਿ “ਰਾਹੀ ਸਕੀਮ” ਸਰਕਾਰ ਦਾ ਆਪਣਾ ਪ੍ਰੋਜੈਕਟ ਹੈ।ਜਿਸ ਤਹਿਤ ਅੰਮ੍ਰਿਤਸਰ ਸ਼ਹਿਰ ਨੂੰ ਚੁਣਿਆ ਗਿਆ ਹੈ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸਥਰਾ ਰੱਖਣ ਅਤੇ ਪ੍ਰਦੁਸ਼ਣ ਮੁਕਤ ਕਰਨ ਲਈ ਈ-ਆਟੋ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।ਜਿਸ ਵਾਸਤੇ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਫੰਡ ਬਤੌਰ ਸਬਸਿਡੀ ਸਮਾਰਟ ਸਿਟੀ ਪ੍ਰੋਜ਼ੈਕਟ ਅਧੀਨ ਮੁਹੱਈਆ ਕਰਵਾਏ ਗਏ ਹਨ। ਇਸ ਸਕੀਮ ਤਹਿਤ ਪੁਰਾਣੇ ਡੀਜ਼ਲ ਆਟੋ ਚਾਲਕ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਹੋਵੇ ਅਤੇ ਜਿਸ ਦਾ ਆਟੋ ਪੀ.ਬੀ 02 ਸੀਰੀਜ਼ ਅਧੀਨ ਰਜਿਸਟਰਡ ਹੋਵੇ, ਉਹ ਆਪਣਾ ਪੁਰਾਣਾ ਡੀਜ਼ਲ ਆਟੋ ਦੇ ਕੇ ਨਗਦ ਅਦਾਇਗੀ ਜਾਂ ਜ਼ੀਰੋ ਬੈਲੇਸ ਪੇਮੈਂਟ ‘ਤੇ ਬੈਂਕ ਦੀਆਂ ਅਸਾਨ ਕਿਸ਼ਤਾਂ ਨਾਲ ਇਕ ਦਿਨ ਵਿੱਚ ਹੀ ਨਵਾਂ ਈ-ਆਟੋ ਲੈ ਸਕਦਾ ਹੈ। ਕਮਿਸ਼ਨਰ ਰਿਸ਼ੀ ਨੇ ਇਹ ਵੀ ਸਪੱਸ਼ਟ ਕੀਤਾ ਕਿ “ਰਾਹੀ ਸਕੀਮ” ਸਾਲ-2019 ਤੋਂ ਸ਼ੁਰੂ ਕੀਤੀ ਗਈ ਹੈ ਅਤੇ ਉਸ ਸਮੇਂ ਤੋਂ ਹੀ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਈ-ਆਟੋ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਲਾਭਪਾਤਰੀਆਂ ਨੂੰ ਸਰਕਾਰ ਸਬਸਿਡੀ 1.40 ਲੱਖ ਰੁਪਏ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਮਾਜ ਭਲਾਈ ਦੀਆਂ ਸਕੀਮਾਂ ਦਾ ਲਾਭ ਵੀ ਮਿਲਣਾ ਹੈ।ਪਰ ਹੁਣ ਸਰਕਾਰ ਵਲੋਂ ਇਕ ਸਮਾਂ-ਬੱਧ ਤਰੀਕੇ ਨਾਲ ਚਲਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।ਨਿਗਮ ਪ੍ਰਸ਼ਾਸਨ ਦੇ ਨਾਲ-ਨਾਲ ਜਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਮਿਲ ਕੇ ਲਾਮਬੱਧ ਹੋਏ ਹਨ।
ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟਿੰਗ ਵਿਚ ਮੌਜ਼ੂਦ ਈ-ਰਿਕਸ਼ਾਂ ਚਾਲਕਾਂ ਨੂੰ ਸਮਝਾਇਆ ਗਿਆ ਕਿ ਇਸ ਸਮੇਂ ਸ਼ਹਿਰ ਵਿਚ ਜਿੰਨ੍ਹੇ ਵੀ ਈ-ਰਿਕਸ਼ਾ ਚੱਲ ਰਹੇ ਹਨ ਉਹ ਨਾ ਤਾਂ ਕਿਤੇ ਰਜਿਸਟਰਡ ਹਨ ਅਤੇ ਨਾ ਹੀ ਇਹਨਾਂ ਦੇ ਕੋਈ ਮਨਜਜ਼ੂਸ਼ੁਦਾ ਦਸਤਾਵੇਜ਼ ਹਨ, ਜੋ ਕਿ ਸਰਾਸਰ ਕਾਨੂੰਨ ਦੇ ਖਿਲਾਫ਼ ਹੈ।ਉਹਨਾਂ ਈ-ਰਿਕਸ਼ਾ ਚਾਲਕਾਂ ਨੂੰ ਕਿਹਾ ਕਿ ਜੇਕਰ ਉਹਨਾਂ ਸ਼ਹਿਰ ਵਿਚ ਈ-ਰਿਕਸ਼ਾ ਚਲਾਉਣੇ ਹਨ ਤਾਂ ਉਹ ਆਪਣੇ ਲੋੜੀਂਦੇ ਦਸਤਾਵੇਜ਼ ਸਕੱਤਰ, ਆਰ.ਟੀ.ਏ ਦੇ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਅਤੇ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਮਨਜ਼ੂਰਸ਼ੁਦਾ ਦਸਤਾਵੇਜ਼ ਤਿਆਰ ਕਰਵਾਕੇ ਹੀ ਈ-ਰਿਕਸ਼ਾ ਨੂੰ ਸੜ੍ਹਕ ‘ਤੇ ਚਲਾਉਣ।