ਦੋਸ਼ੀਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ – ਜਤਿੰਦਰ ਜੋਰਵਾਲ
ਸੰਗਰੂਰ, 8 ਅਪਰੈਲ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਜਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਪਿੰਡ ਨਮੋਲ ਵਿਖੇ ਤਿੰਨ
ਵਿਅਕਤੀਆਂ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦਾ ਮਾਮਲਾ ਸਾਹਮਣੇ ਆਉਣ `ਤੇ ਮਾਮਲੇ ਦੀ ਤੱਥ ਆਧਾਰਿਤ ਜਾਂਚ ਤੁਰੰਤ ਕਰਨ ਦੇ ਆਦੇਸ਼ ਦਿਤੇ ਹਨ।
ਡਿਪਟੀ ਕਮਿਸ਼ਨਰ ਜ਼ੋਰਵਾਲ ਨੇ ਦੱਸਿਆ ਕਿ ਸੁਨਾਮ ਸਬ ਡਵੀਜ਼ਨ ਦੇ ਪਿੰਡ ਨਮੋਲ ਦੇ ਤਿੰਨ ਵਸਨੀਕਾਂ ਗੁਰਮੇਲ ਸਿੰਘ (50) ਪੁੱਤਰ ਸਵ. ਹਰੀ ਸਿੰਘ, ਗੁਰਤੇਜ ਸਿੰਘ (45) ਪੁੱਤਰ ਹਰਨੇਕ ਸਿੰਘ ਅਤੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ ਦੀ ਕਥਿਤ ਤੌਰ `ਤੇ ਸਪਿਰਿਟ ਪੀਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਉਣ `ਤੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ ਐਸ.ਪੀ (ਪੀ.ਬੀ.ਆਈ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਇਸ ਘਟਨਾ ਲਈ ਜਿੰਮੇਵਾਰ ਪਾਏ ਜਾਣ ਵਾਲੇ ਮੁਜ਼ਰਮਾਂ ਖਿਲਾਫ਼ ਕਾਨੂੰਨ ਮੁਤਾਬਕ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ।ਉਨਾਂ ਦੱਸਿਆ ਕਿ ਤਿੰਨੇ ਵਿਅਕਤੀਆਂ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਲਈ ਪੋਸਟ ਮਾਰਟਮ ਕਰਵਾਇਆ ਜਾਵੇਗਾ।ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਇਸ ਗੰਭੀਰ ਮਾਮਲੇ ਦੀ ਤਰਜੀਹੀ ਆਧਾਰ ‘ਤੇ ਜਾਂਚ ਲਈ ਐਸ.ਡੀ.ਐਮ ਸੁਨਾਮ ਅਤੇ ਡੀ.ਐਸ.ਪੀ ਸੁਨਾਮ ਨੂੰ ਵੀ ਪੋਸਟ ਮਾਰਟਮ ਦੀ ਰਿਪੋਰਟ ਆਉਣ `ਤੇ ਮੌਤ ਲਈ ਜਿੰਮੇਵਾਰ ਮੁਜ਼ਰਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼਼ ਵੀ ਦਿੱਤੇ ਹਨ।
Punjab Post Daily Online Newspaper & Print Media