ਖਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਵਿਸ਼ਵ ਯੁੱਧਾਂ ’ਚ ਸਿੱਖ ਸੈਨਿਕਾਂ ਦੀ ਭੂਮਿਕਾ ’ਤੇ ਸੈਮੀਨਾਰ
ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਵਿਖੇ ‘ਵਿਸ਼ਵ ਯੁੱਧਾਂ ’ਚ ਸਿੱਖਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ਵ ਯੁੱਧਾਂ ’ਚ ਸਿੱਖਾਂ ਦੀ ਭਾਗੀਦਾਰੀ ਅਤੇ ਭੂਮਿਕਾ ਦੀ ਸ਼ਲਾਘਾ ਕਰਦਿਆਂ ਬੈਲਜੀਅਮ ਦੇ ਇਤਿਹਾਸਕਾਰ ਅਤੇ ਖੋਜਕਾਰ ਡਾ. ਡੋਮੀਨੀਕ ਡੇਨਡੋਵੇਨ ਨੇ ਆਪਣੇ ਮੁੱਖ ਭਾਸ਼ਣ ’ਚ ਕਿਹਾ ਕਿ ਮਾਰਸ਼ਲ ਸੈਨਿਕਾਂ ਨੇ ਯੁੱਧ ਦੌਰਾਨ ਯੂਰਪ ’ਚ ਸੱਭਿਅਤਾ, ਜਮਹੂਰੀਅਤ ਦੀ ਰੱਖਿਆ ਲਈ ਮਿਸਾਲੀ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਅੱਜ ਯੂਰਪ ਦੇ ਜ਼ਿਆਦਾਤਰ ਦੇਸ਼ ਆਪਣੀ ਆਜ਼ਾਦੀ ਦੇ ਲਈ ਆਮ ਤੌਰ ’ਤੇ ਭਾਰਤ ਦੇ ਬਹਾਦਰ ਸੈਨਿਕਾਂ, ਖਾਸ ਕਰ ਕੇ ਪੰਜਾਬ ਦੇ ਦੇਣਦਾਰ ਹਨ।ਉਨ੍ਹਾਂ ਵਿਸ਼ਵ ਯੁੱਧਾਂ ’ਚ ਸਿੱਖ ਸਿਪਾਹੀਆਂ ਦੀ ਭੂਮਿਕਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਿਵੇਂ ਬੈਲਜੀਅਮ ਅਤੇ ਹਾਲੈਂਡ ਦੇ ਲੋਕ ਉਨ੍ਹਾਂ ਦੀ ਭੂਮਿਕਾ ਨੂੰ ਯਾਦ ਕਰਦੇ ਹਨ।
ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ, ਜਿਨ੍ਹਾਂ ਨੇ ਵਿਸ਼ਵ ਯੁੱਧਾਂ ’ਚ ਸਿੱਖਾਂ ਦੇ ਰੋਲ ਬਾਰੇ ਦੋ ਇਤਿਹਾਸਕ ਪੁਸਤਕਾਂ ਕਲਮਬੱਧ ਕੀਤੀਆਂ ਹਨ, ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਵੇਂ ਸਿੱਖ ਭਾਰਤ ਦੀ ਆਬਾਦੀ ਦਾ ਬਹੁਤ ਛੋਟਾ ਹਿੱਸਾ ਸਨ, ਫਿਰ ਵੀ ਯੁੱਧਾਂ ’ਚ ਉਨ੍ਹਾਂ ਦੀ ਭਾਗੀਦਾਰੀ 25 ਪ੍ਰਤੀਸ਼ਤ ਤੱਕ ਸੀ।ਉਨ੍ਹਾਂ ਕਿਹਾ ਕਿ ਦੁਨੀਆਂ ਹੁਣ ਉਨ੍ਹਾਂ ਅਣਗੌਲੇ ਨਾਇਕਾਂ ਨੂੰ ਮਾਨਤਾ ਦੇ ਰਹੀ ਹੈ ਜਿਨ੍ਹਾਂ ਨੇ ਵਿਦੇਸ਼ੀ ਧਰਤੀ ’ਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਮਹਾਨ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਕੌਮ ਦੀ ਸਥਿਤੀ ਅਤੇ ਬਹਾਦਰ ਸਿੱਖਾਂ ਨੇ ਇੰਗਲੈਂਡ, ਫਰਾਂਸ ਅਤੇ ਹੋਰ ਯੂਰਪੀਅਨ ਦੇਸ਼ਾਂ ਲਈ ਕਿਵੇਂ ਲੜੇ, ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਇਤਿਹਾਸਕਾਰਾਂ ਨੂੰ ਜੰਗਾਂ ਦੌਰਾਨ ਕਿੰਨੇ ਸੈਨਿਕਾਂ ਦੀ ਮੌਤ ਹੋਈ, ਦੇ ਅੰਕੜਿਆਂ ਨੂੰ ਜਨਤਕ ਅਤੇ ਖੋਜ਼ ਕਰਨ ਦਾ ਸੱਦਾ ਦਿੱਤਾ।ਇਸ ਤੋਂ ਪਹਿਲਾਂ ਵਫ਼ਦ ਦਾ ਕੈਂਪਸ ਪਹੁੰਚਣ ’ਤੇ ਕਾਲਜ ਪ੍ਰਿੰਸੀਪਲ ਡਾ: ਹਰਪ੍ਰੀਤ ਕੌਰ ਵਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਮੈਂਬਰ, ਪ੍ਰਿੰਸੀਪਲ ਅਤੇ ਸਿੱਖ ਵਿਰਾਸਤ ਦੇ ਪ੍ਰਚਾਰਕ ਡਾ. ਦਵਿੰਦਰ ਸਿੰਘ ਛੀਨਾ ਨੇ ਸਿੱਖ ਫਲਸਫੇ ਅਤੇ ਵਿਰਾਸਤ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਵੇਂ ਸਿੱਖ ਆਪਣੇ ਸਤਿਕਾਰਯੋਗ ਗੁਰੂਆਂ ਦੇ ਮਾਰਗ ’ਤੇ ਚੱਲਦੇ ਹੋਏ, ਸ਼ਾਂਤੀ ਅਤੇ ਸਦਭਾਵਨਾ ਲਈ ਖੜ੍ਹੇ ਸਨ।ਉਨ੍ਹਾਂ ਡਾ. ਡੋਮੀਨੀਕ ਅਤੇ ਹਾਲੈਂਡ ਵਲੋਂ ਅੰਕੜੇ ਇਕੱਠੇ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਸ਼ਵ ਯੁੱਧਾਂ ’ਚ ਸਿੱਖ ਸੈਨਿਕਾਂ ਦੀ ਭੂਮਿਕਾ ਬਾਰੇ ਦੇਸ਼ ਅਤੇ ਦੁਨੀਆ ਨੂੰ ਜਾਣੂ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸੈਮੀਨਾਰ ਮੌਕੇ ਗੁਰਦਾਸਪੁਰ ਦੇ ਬਹਾਦਰ ਸਿਪਾਹੀ ਦੇ ਪੋਤਰੇ ਹਰਪ੍ਰੀਤ ਸਿੰਘ ਭੱਟੀ ਨੇ ਆਪਣੇ ਪਰਿਵਾਰ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਅੰਗਰੇਜ਼ਾਂ ਵਲੋਂ ਉਨਾਂ ਦੇ ਪਰਿਵਾਰ ਨੂੰ ਦਿੱਤੇ ਗਏ ਅਵਸ਼ੇਸ਼ ਅਤੇ ਸਨਮਾਨ ਸਾਂਭੇ ਹੋਏ ਹਨ ਅਤੇ ਉਨ੍ਹਾਂ ਨੂੰ ਪੁਰਖਿਆਂ ਦੀ ਸ਼ਹੀਦੀ ’ਤੇ ਮਾਣ ਹੈ।