ਪੁਰੂ ਸਹਦੇਵ ਗੱਭਰੂ ਜਸ਼ਨ 2023 ਅਤੇ ਸਨੇਹਲ ਗੋਇਲ ਮੁਟਿਆਰ ਜਸ਼ਨ 2023 ਐਲਾਨੇ ਗਏ
ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦਾ ਅੰਤਰ-ਵਿਭਾਗੀ ਸਭਿਆਚਾਰਕ ਚਾਰ ਰੋਜ਼ਾ ਮੁਕਾਬਲਾ ‘ਜਸ਼ਨ-2023` ਅੱਜ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸੰਪੰਨ ਹੋ ਗਿਆ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰਾਂ ਨੇ ਇਸ ਵਿੱਚ ਵੱਡੀ ਗਿਣਤੀ ‘ਚ ਹਿੱਸਾ ਲਿਆ ।
ਜਸ਼ਨ ਵਿੱਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਯੂਨੀਵਰਸਿਟੀ ਦਾ ਆਰਕੀਟੈਕਚਰ ਵਿਭਾਗ ਪਹਿਲੇ ਸਥਾਨ ‘ਤੇ ਰਿਹਾ. ਜਦੋਂ ਕਿ ਇਹਨਾਂ ਮੁਕਾਬਿਲਆਂ ਵਿੱਚ ਸਕੂਲ ਆਫ ਸੋਸ਼ਲ ਸਾਇੰਸ ਤੇ ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵਿਭਾਗ ਸਾਂਝੇ ਤੌਰ ‘ਤੇ ਦੂਜੇ ਸਥਾਨ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਤੀਜੇ ਸਥਾਨ `ਤੇ ਰਿਹਾ।
ਮਿਸ ਜਹਾਂਜ਼ੇਬ ਅਖਤਰ ਚੀਫ ਕਮਿਸ਼ਨਰ ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ।ਇਸ ਮੌਕੇ ਮਿਸ ਜਹਾਂਜ਼ੇਬ ਅਖਤਰ, ਪ੍ਰੋ. ਬੇਦੀ ਅਤੇ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਨੇ ਜੇਤੂ ਕਲਾਕਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਮਿਸ ਅਖਤਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਥੇ ਜਿੱਤ ਸਾਡੇ ਹੌਂਸਲੇ ਬੁਲੰਦ ਕਰਦੀ ਹੈ ਅਤੇ ਅੱਗੇ ਵਧਾਉਣ ਦਾ ਪ੍ਰੋਰਣਾਸ੍ਰੋਤ ਬਣਦੀ ਹੈ।ਹਾਰ ਤੋਂ ਅਸੀਂ ਕੁੱਝ ਨਵਾਂ ਕਰਨਾ ਸਿੱਖਦੇ ਹਾਂ ਅਤੇ ਇਹ ਸਾਡੇ ਸੁਭਾਅ ਵਿਚ ਮਿਹਨਤ ਕਰਨ ਨੂੰ ਦ੍ਰਿੜਤਾ ਨਾਲ ਲਾਗੂ ਕਰਨ ਲਈ ਪ੍ਰੇਰਦੀ ਹੈ।
ਕਾਨੂੰਨ ਵਿਭਾਗ ਦੇ ਪੁਰੂ ਸਾਹਦੇਵ ਨੂੰ ਗੱਭਰੂ ਜਸ਼ਨ 2023 ਅਤੇ ਆਰਕੀਟੈਕਚਰ ਵਿਭਾਗ ਦੀ ਸਨੇਹਲ ਗੋਇਲ ਨੂੰ ਮੁਟਿਆਰ ਜਸ਼ਨ 2023 ਐਲਾਨਿਆ ਗਿਆ।ਕੋਮਲ ਕਲਾਵਾਂ-ਪਹਿਲਾ ਸਥਾਨ ਆਰਕੀਟੈਕਚਰ ਵਿਭਾਗ, ਦੂਜਾ ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਅਤੇ ਤੀਜਾ ਸਥਾਨ ਅਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸਾਹਿਤਕ ਵਰਗ ਵਿਚ ਪਹਿਲਾ ਸਥਾਨ ਲਾਅ ਵਿਭਾਗ ਅਤੇ ਪੰਜਾਬ ਸਕੂਲ ਆਫ ਇਕਨਾਮਿਕਸ ਨੇ ਸਾਂਝੇ ਤੌਰ ‘ਤੇ, ਦੂਜਾ ਸਥਾਨ ਆਰਕੀਟੈਕਚਰ ਵਿਭਾਗ, ਗੁਰੂ ਨਾਨਕ ਸਟੱਡੀਜ਼ ਵਿਭਾਗ ਤੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਨੇ ਸਾਂਝੇ ਤੌਰ ‘ਤੇ ਅਤੇ ਤੀਜਾ ਸਥਾਨ ਮਾਸਕਮਿਊਨੀਕੇਸ਼ਨ ਅਤੇ ਫਿਜ਼ੀਓਥੀਰੈਪੀ ਵਿਭਾਗ ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ। ਸੰਗੀਤ ਵਰਗ ਵਿਚ ਪਹਿਲਾ ਸਥਾਨ ਆਰਕੀਟੈਕਚਰ ਵਿਭਾਗ, ਦੂਜਾ ਮਾਸ ਕਮਿਊਨੀਕੇਸ਼ਨ ਅਤੇ ਤੀਜਾ ਸਥਾਨ ਲਾਅ ਵਿਭਾਗ ਨੇ ਪ੍ਰਾਪਤ ਕੀਤਾ। ਰੰਗਮੰਚ ਵਿਚ ਪਹਿਲਾ ਇਲੈਕਟ੍ਰੌਨਿਕਸ ਟੈਕਨਲੋਜੀ ਨੇ, ਦੂਜਾ ਸਕੂਲ ਆਫ ਸੋਸ਼ਲ ਸਾਇੰਸ ਅਤੇ ਆਰਕੀਟੈਕਚਰ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ। ਨਾਚ ਵਿਚ ਪਹਿਲਾ ਸਥਾਨ ਯੂਨੀਵਰਸਿਟੀ ਬਿਜ਼ਨਲ ਸਕੂਲ, ਦੂਜਾ ਆਰਕੀਟੈਕਚਰ ਵਿਭਾਗ ਅਤੇ ਤੀਜਾ ਸਥਾਨ ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵਿਭਾਗ ਨੇ ਹਾਸਲ ਕੀਤਾ।
ਇਸ ਮੌਕੇ ਪ੍ਰੋ. ਸ਼ਾਲਿਨੀ ਬਹਿਲ ਡੀਨ ਕਾਲਜ ਵਿਕਾਸ ਕੌਂਸਲ, ਪ੍ਰੋ. ਜਤਿੰਦਰ ਕੌਰ, ਬੋਟੈਨੀਕਲ ਐਂਡ ਇੰਵਾਇਰਮੈਂਟਲ ਸਾਇੰਸਿਜ਼ ਵਿਭਾਗ, ਪ੍ਰੋ. ਮਨਦੀਪ ਕੌਰ, ਯੂ.ਐਸ.ਐਫ.ਐਸ ਵਿਭਾਗ, ਡਾ. ਬਲਬੀਰ ਸਿੰਘ, ਫਾਰਮਾਸਿਉਟਿਕਲ ਸਾਇੰਸਿਜ਼ ਵਿਭਾਗ, ਡਾ. ਰਵਿੰਦਰ ਸਿੰਘ, ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ, ਡਾ.ਸਤਨਾਮ ਸਿੰਘ ਦਿਉਲ, ਰਾਜਨੀਤੀ ਸ਼ਾਸ਼ਤਰ ਵਿਭਾਗ, ਡਾ. ਸੁਨੀਲ, ਹਿੰਦੀ ਵਿਭਾਗ, ਇੰਜ. ਪਰਮਬੀਰ ਸਿੰਘ ਮੱਲ੍ਹੀ, ਐਪਰਲ ਐਂਡ ਟੈਕਸਟਾਈਲ ਡੀਜਾਇੰਨਿੰਗ ਵਿਭਾਗ, ਡਾ. ਹਰਿੰਦਰ ਕੌਰ ਸੋਹਲ, ਪੰਜਾਬੀ ਅਧਿਐਨ ਵਿਭਾਗ, ਡਾ. ਗੁਰਪ੍ਰੀਤ ਸਿੰਘ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ, ਡਾ. ਮੁਨੀਸ਼ ਸੈਣੀ, ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਵਿਭਾਗ, ਡਾ. ਅਮਨਪ੍ਰੀਤ ਕੌਰ, ਪੰਜਾਬ ਸਕੂਲ ਆਫ ਇਕਨਾਮਿਕਸ ਵਿਭਾਗ, ਡਾ. ਪਰਮਿੰਦਰ ਸਿੰਘ, ਸਰੀਰਕ ਸਿੱਖਿਆ ਵਿਭਾਗ ਅਤੇ ਸਰਬਜਿੰਦਰ ਸਿੰਘ, ਖੇਤੀਬਾੜੀ ਵਿਭਾਗ ਵੀ ਹਾਜ਼ਰ ਸਨ।