Sunday, June 15, 2025
Breaking News

ਬਠਿੰਡਾ ਵਾਲੇ ਹੁਣ ਜਲਦ ਹੀ ਲੈਣਗੇ ਜਹਾਜ ਦੇ ਝੂਟੇ- ਹਰਸਿਮਰਤ ਕੌਰ ਬਾਦਲ

ਸ਼ਤਾਬਦੀ ਐਕਸਪ੍ਰੈਸ ਨੂੰ ਕਾਮਯਾਬ ਕਰਨ ਲਈ ਸਰਕਾਰ ਨੂੰ ਪੈਣ ਲੱਗੀ ਮਰਜੀਵੜਿਆ ਦੀ ਲੋੜ

ਸ਼ਤਾਬਦੀ ਐਕਸਪ੍ਰੈਸ ਦੀ ਰਵਾਨਗੀ ਸਮੇ ਭਾਜਪਾ ਰਹੀ ਗੈਰ ਹਾਜ਼ਿਰ

PPN1912201405

ਬਠਿੰਡਾ, 18ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਇਲਾਕੇ ਲਈ ਭਾਵੇਂ ਅੱਜ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਬਠਿੰਡਾ ਤੋਂ ਦਿੱਲੀ ਦਾ ਸਫਰ ਚਾਰ ਘੰਟਿਆਂ ਵਿੱਚ ਪੂਰਾ ਹੋਵੇਗਾ ਪਰ ਹਫਤੇ ਵਿੱਚ ਸਿਰਫ ਸੋਮਵਾਰ ਅਤੇ ਸ਼ਨੀਵਾਰ ਦੋ ਦਿਨਾਂ ਲਈ ਦਿੱਲੀ ਤੋਂ ਬਠਿੰਡਾ ਤੱਕ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਨੂੰ ਜਿੱਥੇ ਕੇਂਦਰੀ ਰੇਲ ਮੰਤਰੀ ਵੱਲੋਂ ਦਿੱਲੀ ਤੋਂ ਬਠਿੰਡਾ ਲਈ ਰਵਾਨਾ ਕੀਤਾ ਗਿਆ ਉਥੇ ਹੀ ਬਠਿੰਡਾ ਤੋਂ ਦਿੱਲੀ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ਤੋਂ ਝੰਡੀ ਦੇਕੇ ਰਵਾਨਾ ਕੀਤਾ ਗਿਆ। ਟੀ ਟੀ ਸੱਤਿਆਪਾਲ ਨੇ ਦੱਸਿਆ ਕਿ ਬਠਿੰਡਾ ਤੋਂ ਦਿੱਲੀ ਲਈ ਪੂਰੀ ਰੇਲ ਗੱਡੀ ਵਿੱਚ ਸਿਰਫ 85 ਸਵਾਰੀਆਂ ਹੀ ਸਫਰ ਕਰ ਰਹੀਆਂ ਹਨ। ਕੇਂਦਰੀ ਮੰਤਰੀ ਦੇ ਰੇਲ ਗੱਡੀ ਦੇ ਉਦਘਾਟਨੀ ਸਮਾਗਮ ਮੌਕੇ ਅਕਾਲੀ ਭਾਜਪਾ ਗਠਬੰਧਨ ਵਿੱਚ ਪਈਆਂ ਦੂਰੀਆਂ ਵੀ ਦਿੱਸੀਆਂ ਤੇ ਇਸ ਮੌਕੇ ਭਾਜਪਾ ਲੀਡਰਸ਼ਿਪ ਗੈਰਹਾਜਰ ਰਹੀ। ਇਸ ਮੌਕੇ ਕੇਂਦਰੀ ਮੰਤਰੀ ਵੱਲੋਂ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਦੂਰ ਰਹਿਣ ਦੀਆਂ ਖਬਰਾਂ ਦਾ ਜਵਾਬ ਦਿੰਦਿਆਂ ਕਿਹਾ ਕਿ ”ਮੇਰੇ ਤੇ ਸਵਾਲ ਉਠਦੇ ਸਨ ਕਿ ਬਠਿੰਡਾ ਨਹੀਂ ਆਉਂਦੇ ਪਰ ਮੈਂ ਅੱਜ ਆਈ ਹਾਂ ਤਾਂ ਰੇਲ ਗੱਡੀ ਦਾ ਤੋਹਫਾ ਲੈਕੇ ਆਈ ਹਾਂ”। ਉਹਨਾਂ ਕਿਹਾ ਕਿ ਇਸ ਰੇਲ ਗੱਡੀ ਨਾਲ ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਵੱਡਾ ਫਾਇਦਾ ਮਿਲੇਗਾ ਤੇ ਉਹਨਾਂ ਨੇ ਰੇਲ ਮੰਤਰੀ ਤੋਂ ਪੈਸੇਂਜਰ ਰੇਲ ਗੱਡੀ ਵਿੱਚ ਬਠਿੰਡਾ ਇਲਾਕੇ ਦੀਆਂ ਸਬਜ਼ੀਆਂ ਕਿੰਨੂ ਅਤੇ ਹੋਰ ਫਲ ਦੂਸਰੇ ਰਾਜਾਂ ਵਿੱਚ ਭੇਜਣ ਲਈ ਵਾਧੂ ਬੋਗੀ ਲਾਉਣ ਦੀ ਮੰਗ ਕੀਤੀ ਹੈ ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ ਤੇ ਬਠਿੰਡਾ ਦੇ ਕਿੰਨੂ ਦੂਸਰੇ ਰਾਜਾਂ ਵਿੱਚ ਵੇਚਣ ਲਈ ਜਾਇਆ ਕਰਨਗੇ। ਕੇਂਦਰੀ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਬਠਿੰਡਾ ਦਾ ਹਵਾਈ ਅੱਡਾ ਵੀ ਜਲਦ ਸ਼ੁਰੂ ਕੀਤਾ ਜਾਵੇਗਾ ਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਲਈ ਜਲਦ ਸਕਿਲ ਟਰੇਨਿੰਗ ਸੈਂਟਰ ਵੀ ਖੋਲ੍ਹਿਆ ਜਾ ਰਿਹਾ ਹੈ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਸ਼ੁਰੂ ਕੀਤੀ ਸ਼ਤਾਬਦੀ ਐਕਸਪ੍ਰੈਸ ਦੇ ਫੇਲ੍ਹ ਹੋਣ ਦੀ ਯਾਦ ਤਾਜਾ ਕਰਦਿਆਂ ਕਿਹਾ ਕਿ ਇਸ ਵਾਰ ਬਠਿੰਡਾ ਵਾਲਿਓਂ ਇਸ ਗੱਡੀ ਨੂੰ ਫੇਲ੍ਹ ਨਾ ਹੋਣ ਦਿਓ ਤੇ ਉਹਨਾਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਸਲਾਹ ਦਿੱਤੀ ਕਿ ”ਇਸ ਗੱਡੀ ਨੂੰ ਸਫਲ ਕਰਨ ਲਈ ਰੋਜ਼ਾਨਾ 300 ਮਰਜੀਵੜੇ ਭੇਜ ਦਿਆ ਕਰੋ, ਕਿਤੇ ਮਹੀਨੇ ਬਾਅਦ ਫੇਰ ਇਹ ਰੇਲ ਗੱਡੀ ਬੰਦ ਨਾ ਹੋ ਜਾਵੇ”। ਉਹਨਾਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਵਿਧਾਨ ਸਭਾ ਹਲਕਾ ਤੋਂ 30 ਹਜਾਰ ਵੋਟਾਂ ਦੀ ਮਿਲੀ ਕਰਾਰੀ ਹਾਰ ਦਾ ਦੁੱਖ ਫੇਰ ਜਾਹਰ ਕਰਦਿਆਂ ਕਿਹਾ ਕਿ ”ਅਸੀਂ ਤਾਂ ਬਠਿੰਡੇ ਲਈ ਬਹੁਤ ਕੁੱਝ ਕੀਤਾ ਪਰ ਤੁਸੀਂ ਹਰ ਵਾਰ ਕਸਰ ਛੱਡ ਦਿੰਨੇ ਓਂ” ਤੇ ਜੇਕਰ 500 ਕਰੋੜ ਰੁਪਏ ਵੀ ਖਰਚ ਕਰ ਦਈਏ ਫੇਰ ਵੀ ਬਠਿੰਡਾ ਵਾਲਿਓਂ ਤੁਸੀਂ ਖੁਸ਼ ਨਹੀਂ ਹੁੰਦੇ। ਉਹਨਾਂ ਕਿਹਾ ਕਿ ਬਠਿੰਡਾ ਦਾ ਵਿਕਾਸ ਲਈ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ ਤੇ ਇਹ ਵੋਟਾਂ ਕਰਕੇ ਨਹੀਂ ਬਲਕਿ ਬਠਿੰਡਾ ਪਰਿਵਾਰਕ ਹਲਕਾ ਹੈ।
ਭਾਜਪਾ ਵਲੋਂ ਇਸ ਸਮਾਗਮ ਤੋਂ ਦੂਰ ਰਹਿਣ ਬਾਰੇ ਬਠਿੰਡਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਪਰਮਿੰਦਰ ਗੋਇਲ ਨੇ ਕਿਹਾ ਕਿ ਇਸ ਸਮਾਗਮ ਸੰਬੰਧੀ ਲਗਾਏ ਗਏ ਇਸਤਿਹਾਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾ ਲਗਾਉਣਾ ਭਾਜਪਾ ਨੂੰ ਬੁਰਾ ਲੱਗਿਆ ਅਤੇ ਉਨ੍ਹਾਂ ਨੇ ਇਸ ਬਾਰੇ ਆਪਣੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਸੀ ,ਹਾਈ ਕਮਾਂਡ ਦੇ ਹੁਕਮਾਂ ‘ਤੇ ਹੀ ਬਠਿੰਡਾ ਦੀ ਭਾਜਪਾ ਨੇ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ, ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਜਿਹੜੇ ਸਮਾਗਮਾਂ ਵਿਚ ਉਨ੍ਹਾਂ ਦੇ ਕੇਂਦਰ ਅਤੇ ਪੰਜਾਬ ਦੇ ਆਗੂਆਂ ਦਾ ਸਨਮਾਨ ਨਹੀ ਹੋਵੇਗਾ ਉਹ ਅਜਿਹੇ ਕਿਸੇ ਵੀ ਸਮਾਗਮ ਵਿਚ ਹਿੱਸਾ ਨਹੀ ਲੈਣਗੇ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply